ਮੁੰਬਈ: ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਦੀਵਾਨ ਹਾਊਸਿੰਗ ਫਾਇਨਾਂਸ ਲਿਮਟਿਡ (DHFL) ਦੇ ਐਨਪੀਏ (ਨਾਨ-ਪਰਫਾਰਮਿੰਗ ਐਸੇਟ) ਖਾਤੇ ਵਿੱਚ 3,688.58 ਕਰੋੜ ਰੁਪਏ ਦੀ ਧੋਖਾਧੜੀ ਬਾਰੇ ਆਰਬੀਆਈ ਨੂੰ ਜਾਣਕਾਰੀ ਦਿੱਤੀ ਹੈ।
ਡੀਐਚਐਫਐਲ ਉਸ ਵੇਲੇ ਸੁਰਖੀਆਂ ਵਿਚ ਆਈ ਜਦੋਂ ਇਕ ਰਿਪੋਰਟ ਵਿਚ ਕਿਹਾ ਗਿਆ ਕਿ ਇਸ ਨੇ ਕਈ ਮਾਸਕ ਕੰਪਨੀਆਂ ਰਾਹੀਂ ਬੈਂਕ ਕਰਜ਼ਿਆਂ ਵਿਚੋਂ ਕੁੱਲ 97,000 ਕਰੋੜ ਰੁਪਏ ਵਿਚੋਂ 31,000 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਹੈ।
ਪੀਐਨਬੀ ਨੇ ਸਟਾਕ ਮਾਰਕੀਟ ਨੂੰ ਦਿੱਤੀ ਸੂਚਨਾ ਵਿੱਚ ਕਿਹਾ, "ਕੰਪਨੀ (DHFL) ਦੇ ਖਾਤੇ ਵਿੱਚ 3,688.58 ਕਰੋੜ ਰੁਪਏ ਦੀ ਧੋਖਾਧੜੀ ਦੀ ਰਿਪੋਰਟ ਆਰਬੀਆਈ ਨੂੰ ਦਿੱਤੀ ਗਈ ਹੈ। ਬੈਂਕ ਨੇ ਪਹਿਲਾਂ ਹੀ ਨਿਰਧਾਰਤ ਨਿਯਮਾਂ ਤਹਿਤ ਇਸ ਦੇ ਲਈ 1,246.58 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ।"
ਪਿਛਲੇ ਸਾਲ ਨਵੰਬਰ ਵਿੱਚ ਰਿਜ਼ਰਵ ਬੈਂਕ ਨੇ ਮੁਸ਼ਕਿਲ ਵਿੱਚ ਫ਼ਸੀ ਹੋਮ ਲੋਨ ਕੰਪਨੀ, ਡੀਐਚਐਫਐਲ ਨੂੰ ਕਰਜ਼ੇ ਦੇ ਹੱਲ ਲਈ ਕਾਰਵਾਈ ਕਰਨ ਲਈ ਭੇਜਿਆ ਸੀ। ਇਹ ਪਹਿਲੀ ਵਿੱਤੀ ਸੇਵਾਵਾਂ ਵਾਲੀ ਕੰਪਨੀ ਹੈ ਜੋ ਕਰਜ਼ੇ ਦੇ ਹੱਲ ਲਈ ਐਨਸੀਐਲਟੀ (ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ) ਗਈ ਸੀ।
ਐਸਐਫਆਈਓ (ਗੰਭੀਰ ਧੋਖਾਧੜੀ ਜਾਂਚ ਦਫਤਰ) ਸਮੇਤ ਵੱਖ-ਵੱਖ ਏਜੰਸੀਆਂ ਨੇ ਪਿਛਲੇ ਸਾਲ ਕੰਪਨੀ ਵਿੱਚ ਨਿਯਮਾਂ ਦੀ ਉਲੰਘਣਾ ਦੀਆਂ ਖਬਰਾਂ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ।