ਨਵੀਂ ਦਿੱਲੀ : ਇਸ ਮਹੀਨੇ ਦੇ ਅੰਤ ਵਿੱਚ ਲਗਾਤਾਰ 4 ਦਿਨਾਂ ਤੱਕ ਬੈਂਕਾਂ ਦੇ ਬੰਦ ਰਹਿਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਜਨਤਕ ਖੇਤਰ ਦੇ ਬੈਂਕ ਅਧਿਕਾਰੀਆਂ ਦੀਆਂ 4 ਯੂਨੀਅਨਾਂ ਨੇ 10 ਸਰਕਾਰੀ ਬੈਂਕਾਂ ਨੂੰ ਇਕੱਠਾ ਕਰਨ ਦੇ ਐਲਾਨ ਦੀ ਵਿਰੋਧਤਾ ਵਿੱਚ 26 ਤੇ 27 ਸਤੰਬਰ ਨੂੰ ਹੜਤਾਲ ਦੀ ਧਮਕੀ ਦਿੱਤੀ ਹੈ।
ਉੱਥੇ ਹੀ 28 ਸਤੰਬਰ ਨੂੰ ਮਹੀਨੇ ਦਾ ਚੌਥਾ ਤੇ ਆਖ਼ਰੀ ਸ਼ਨਿਚਰਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ ਅਤੇ ਐਤਵਾਰ ਨੂੰ ਹਫ਼ਤਵਾਰੀ ਛੁੱਟੀ ਹੁੰਦੀ ਹੈ। ਇਸ ਲਿਹਾਜ ਨਾਲ 4 ਦਿਨ ਬੈਂਕ ਬੰਦ ਰਹਿ ਸਕਦੇ ਹਨ।
ਇੰਡੀਅਨ ਬੈਂਕ ਐਸੋਸੀਏਸ਼ਨ (ਆਈਬੀਏ) ਨੂੰ ਭੇਜੇ ਨੋਟਿਸ ਵਿੱਚ ਯੂਨੀਅਨਾਂ ਨੇ ਕਿਹਾ ਕਿ ਉਨ੍ਹਾਂ ਦਾ ਬੈਂਕਾਂ ਦੇ ਰਲੇਵੇਂ ਨੂੰ ਲੈ ਕੇ ਇਸ ਹੜਤਾਲ ਦਾ ਪ੍ਰਸਤਾਵ ਰੱਖਿਆ ਹੈ।
ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ 30 ਅਗਸਤ ਨੂੰ ਜਨਤਕ ਖੇਤਰ ਦੇ 10 ਬੈਂਕਾਂ ਦਾ ਰਲੇਵਾਂ ਕਰ ਕੇ 4 ਬੈਂਕ ਬਣਾਉਣ ਦਾ ਐਲਾਨ ਕੀਤਾ ਸੀ।
ਯੂਨੀਅਨ ਦੇ ਨੇਤਾ ਨੇ ਇਹ ਵੀ ਕਿਹਾ ਕਿ ਨਵੰਬਰ ਦੇ ਦੂਸਰੇ ਹਫ਼ਤੇ ਤੋਂ ਭਾਰਤ ਸਰਕਾਰ ਅਧੀਨ ਬੈਂਕਾਂ ਦੇ ਕਰਮਚਾਰੀ ਅਨਿਸ਼ਚਿਤ ਸਮੇਂ ਲਈ ਹੜਤਾਲ ਉੱਤੇ ਜਾ ਸਕਦੇ ਹਨ।
ਭਾਰਤੀ ਬੈਂਕਾਂ ਦੀਆਂ ਐਸੋਸੀਏਸ਼ਨਾਂ ਜਿਵੇਂ ਕਿ ਆਲ ਇੰਡੀਆ ਬੈਂਕ ਅਫ਼ਸਰਜ਼ ਕੰਨਫ਼ੈਡਰੇਸ਼ਨ (ਏਆਈਬੀਓਸੀ), ਆਲ ਇੰਡੀਆ ਬੈਂਕ ਅਫ਼ਸਰਜ਼ ਐਸੋਸੀਏਸ਼ਨ (ਏਆਈਬੀਓਏ), ਇੰਡੀਅਨ ਨੈਸ਼ਨਲ ਬੈਂਕ ਅਫ਼ਸਰਜ਼ ਕਾਂਗਰਸ (ਆਈਐੱਨਬੀਓਸੀ) ਅਤੇ ਨੈਸ਼ਨਲ ਆਰਗਾਨਾਈਜੇਸ਼ਨ ਆਫ਼ ਅਫ਼ਸਰਜ਼ (ਐੱਨਓਬੀਓ) ਨੇ ਸੰਯੁਕਤ ਰੂਪ ਨਾਲ ਹੜਤਾਲ ਕਰਨ ਦਾ ਨੋਟਿਸ ਦਿੱਤਾ ਹੈ।
ਇਸ ਤੋਂ ਇਲਾਵਾ ਬੈਂਕ ਯੂਨੀਅਨਾਂ ਦੀ 5 ਦਿਨਾਂ ਦਾ ਹਫ਼ਤਾ ਕਰਨ ਅਤੇ ਨਕਦ ਲੈਣ-ਦੇਣ ਦੇ ਘੰਟਿਆਂ ਅਤੇ ਕੰਮ ਦੇ ਘੰਟਿਆਂ ਨੂੰ ਘੱਟ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਸਾਊਦੀ ਹਮਲੇ ਕਰ ਕੇ ਹਫ਼ਤੇ ਦੇ ਮੁੱਢਲੇ ਦਿਨ ਹੀ ਕਾਰੋਬਾਰ ਵਿੱਚ ਗਿਰਾਵਟ\