ਨਵੀਂ ਦਿੱਲੀ: ਇਹ ਛੋਟੀ ਸ਼ੂਰੁਆਤ ਦਾ ਬਹੁਤ ਵੱਡਾ ਕਾਰਵਾਂ ਹੈ, ਜਿਸਨੇ ਓਮ ਬਿਰਲਾ ਨੂੰ ਲੋਕ ਸਭਾ ਦੇ ਸਪੀਕਰ ਤੱਕ ਪਹੁੰਚਾ ਦਿੱਤਾ। ਓਮ ਬਿਰਲਾ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਰਾਜਸਥਾਨ ਦੇ ਕੋਟਾ ਦੇ ਇੱਕ ਸਕੂਲੀ ਸੰਸਦ ਤੋਂ ਕੀਤੀ ਸੀ ਅਤੇ ਇਹ ਸਫ਼ਰ ਉਨ੍ਹਾਂ ਨੂੰ ਭਾਰਤ ਦੀ ਸੰਸਦ ਦੇ ਸਪੀਕਰ ਦੇ ਅਹੁਦੇ ਲੈ ਆਇਆ। ਕੋਈ ਉਨ੍ਹਾਂ ਦੀ ਇਸ ਕਾਮਯਾਬੀ ਤੋਂ ਖੁਸ਼ ਹੈ ਅਤੇ ਕੋਈ ਹੈਰਾਨ।
ਕਿਸ ਤਰ੍ਹਾਂ ਪਹੁੰਚੇ ਸਕੂਲ ਦੀ ਸੰਸਦ ਤੱਕ?
ਕੋਟਾ ਉਨਾਂ ਦਿਨਾਂ 'ਚ ਇੱਕ ਉਦਯੋਗਿਕ ਸ਼ਹਿਰ ਹੁੰਦਾ ਸੀ ਅਤੇ ਉੱਥੇ ਮਜ਼ਦੂਰ ਅੰਦੋਲਨ ਦੇ ਨਾਅਰੇ ਆਮ ਤੌਰ 'ਤੇ ਸੁਣਨ ਨੂੰ ਮਿਲਦੇ ਸਨ। ਫ਼ਿਰ ਇਸ ਅੰਦੋਲਨ 'ਚ ਸਕੂਲ ਪੱਧਰ ਦੇ ਕੁਝ ਵਿਦਿਆਰਥੀ ਦਾ ਨਾਂਅ ਵੀ ਸਾਹਮਣੇ ਆਉਣ ਲੱਗਾ। ਓਮ ਬਿਰਲਾ ਦਾ ਨਾਂਅ ਵੀ ਉਨ੍ਹਾਂ 'ਚ ਹੀ ਸ਼ਾਮਿਲ ਸੀ। ਉਹ ਉਸ ਵੇਲੇ ਕੋਟਾ ਦੇ ਗੁਮਾਨਪੁਰਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਸੰਸਦ ਦੇ ਮੁਖੀ ਚੁਣੇ ਗਏ ਸੀ। ਬਿਰਲਾ ਨੇ ਆਪਣੀ ਮੌਜੂਦਗੀ ਨੂੰ ਜਾਰੀ ਰੱਖਦਿਆਂ ਇੱਕ ਸਥਾਨਕ ਕਾਲਜ 'ਚ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਦੇ ਅਹੁਦੇ ਲਈ ਦਾਅ ਖੇਡਿਆ। ਹਾਲਾਂਕਿ,ਉਹ ਇੱਕ ਵੋਟ ਤੋਂ ਹਾਰ ਗਏ ਸੀ।
ਖ਼ੁਦ ਪ੍ਰਧਾਨ ਮੰਤਰੀ ਨੇ ਸੁਝਾਇਆ ਨਾਂਅ
ਸਮੇਂ ਨੇ ਓਮ ਬਿਰਲਾ ਦੇ ਪੱਖ 'ਚ ਆਪਣੀ ਸੂਈ ਘੁਮਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫ਼ਿਰ ਤੋਂ ਹੈਰਾਨ ਕਰਨ ਵਾਲਾ ਫ਼ੈਸਲਾ ਲਿਆ ਹੈ। ਲੋਕ ਸਭਾ ਦੇ ਸਪੀਕਰ ਲਈ ਅਜਿਹੇ ਸੰਸਦ ਮੈਂਬਰ ਨੂੰ ਸਪੀਕਰ ਦੇ ਤੌਰ 'ਤੇ ਚੁਣਿਆ ਗਿਆ ਹੈ, ਜਿਸ ਦਾ ਨਾਂਅ ਸਪੀਕਰ ਬਣਨ ਦੀ ਰੇਸ ਵਿੱਚ ਨਹੀਂ ਸੀ। ਪੀਐੱਮ ਮੋਦੀ ਨੇ ਰਾਜਸਥਾਨ ਦੇ ਕੋਟਾ ਤੋਂ ਸੰਸਦ ਮੈਂਬਰ ਓਮ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਲਈ ਚੁਣ ਲਿਆ ਗਿਆ ਹੈ।
ਓਮ ਬਿਰਲਾ ਨੇ ਬੀਤੇ ਮੰਗਲਵਾਰ ਨੂੰ ਨਾਮਜ਼ਦਗੀ ਭਰੀ ਸੀ। ਉਨ੍ਹਾਂ ਖ਼ਿਲਾਫ਼ ਕਿਸੇ ਨੇ ਵੀ ਪਰਚਾ ਨਹੀਂ ਭਰਿਆ। ਖ਼ੁਦ ਪੀਐੱਮ ਮੋਦੀ ਨੇ ਓਮ ਬਿਰਲਾ ਦਾ ਨਾਂਅ ਸੁਝਾਇਆ ਸੀ, ਜਿਸ ਤੋਂ ਬਾਅਦ ਰਾਜਨਾਥ ਸਿੰਘ ਸਮੇਤ ਅਮਿਤ ਸ਼ਾਹ ਵਰਗੇ ਕਈ ਵੱਡੇ ਆਗੂਆਂ ਨੇ ਇਸ ਦਾ ਸਮਰਥਨ ਕੀਤਾ। ਇੱਥੋਂ ਤੱਕ ਕਿ ਟੀਐਮਸੀ ਨੇ ਵੀ ਓਮ ਬਿਰਲਾ ਦੇ ਨਾਂਅ ਦਾ ਸਮਰਥਨ ਕੀਤਾ।
ਕੀ ਕਿਹਾ ਪੀਐੱਮ ਮੋਦੀ ਨੇ?
ਪੀਐੱਮ ਮੋਦੀ ਨੇ ਵੀ ਉਨ੍ਹਾਂ ਦੇ ਕੰਮ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖ਼ੁਦ ਕਾਫ਼ੀ ਸਮਾਂ ਓਮ ਬਿਰਲਾ ਨਾਲ ਕੰਮ ਕੀਤਾ ਹੈ। ਉਹ 'ਛੋਟੇ ਭਾਰਤ' ਯਾਨੀ ਕੋਟਾ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਕੰਮ ਦੇ ਬਲਬੂਤੇ 'ਤੇ ਉਹ ਭਾਰਤ ਦੀ ਸੰਸਦ ਦੇ ਸਪੀਕਰ ਦੇ ਅਹੁਦੇ ਤੱਕ ਪਹੁੰਚ ਚੁੱਕੇ ਹਨ।