ਨਾਭਾ ਜੇਲ੍ਹ ਕਤਲ ਕਾਂਡ: ਜੇਲ੍ਹ ਦੇ ਸਹਾਇਕ ਸੁਪਰੀਡੈਂਟ ਸਣੇ 3 ਮੁਅੱਤਲ
ਨਾਭਾ ਦੀ ਹਾਈ ਸਕਿਓਰਟੀ ਜੇਲ੍ਹ 'ਚ ਬਰਗਾੜੀ ਕਾਂਡ ਦੇ ਮੁੱਖ ਮੁਲਜ਼ਮ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਸਰਕਾਰ ਨੇ ਕਾਰਵਾਈ ਕਰਦਿਆਂ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਤੇ ਦੋ ਵਾਰਡਰਜ਼ ਨੂੰ ਮੁਅੱਤਲ ਕਰ ਦਿੱਤਾ ਹੈ।
ਨਾਭਾ: ਡੇਰਾ ਪ੍ਰੇਮੀ ਅਤੇ 2015 ਦੇ ਬਰਗਾੜੀ ਕਾਂਡ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਬੀਤੇ ਦਿਨੀਂ ਜੇਲ੍ਹ 'ਚ ਹੀ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਨਾਭਾ ਦੀ ਨਵੀਂ ਬਣੀ ਹਾਈ-ਸਕਿਓਰਿਟੀ ਪ੍ਰਾਪਤ ਜੇਲ੍ਹ ਦੀਆਂ ਕਈ ਸੁਰੱਖਿਆ ਖ਼ਾਮੀਆਂ ਸਾਹਮਣੇ ਆਉਣ ਲੱਗ ਪਈਆਂ ਹਨ। ਨਾਭਾ ਜੇਲ੍ਹ 'ਚ ਵਾਪਰੇ ਇਸ ਕਤਲ ਕਾਂਡ ਤੋਂ ਬਾਅਦ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਅਜਮੇਰ ਸਿੰਘ ਅਤੇ ਦੋ ਵਾਰਡਰਜ਼ ਮੇਜਰ ਸਿੰਘ ਤੇ ਅਮਨ ਗਿਰੀ ਨੂੰ ਮੁਅੱਤਲ ਕਰ ਦਿੱਤਾ ਹੈ।
ਨਵੀਂ ਜੇਲ੍ਹ ਦੇ ਸੁਪਰੀਡੈਂਟ ਬਲਕਾਰ ਸਿੰਘ ਭੁੱਲਰ ਵਿਰੁੱਧ ਵੀ ਕਾਰਵਾਈ ਲਈ ਸਰਕਾਰ ਨੂੰ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਹੁਣ ਹੋਰ ਵੀ ਜੇਲ੍ਹ ਅਧਿਕਾਰੀਆਂ ਵਿਰੁੱਧ ਕਾਰਵਾਈ ਹੋਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਿਕ ਮਹਿੰਦਰਪਾਲ ਬਿੱਟੂ ਨੂੰ ਜੇਲ੍ਹ ਅੰਦਰਲੇ ਆਪਣੇ ਸੈੱਲ ਤੋਂ ਬਾਹਰ ਆਉਣ ਦੀ ਪ੍ਰਵਾਨਗੀ ਨਹੀਂ ਸੀ। ਹੁਣ ਇਸ ਮਾਮਲੇ ਦੀ ਜਾਂਚ ਹੋਵੇਗੀ ਕਿ ਆਖ਼ਰ ਉਸ ਨੂੰ ਬਾਹਰ ਆਉਣ ਦੀ ਇਜਾਜ਼ਤ ਕਿਸ ਨੇ ਦਿੱਤੀ।