ਨਵੀਂ ਦਿੱਲੀ : ਉੱਤਰ-ਪੂਰਬੀ ਦਿੱਲੀ ਦੇ ਕਰਾਵਲ ਨਗਰ ਦੇ ਪੱਛਮੀ ਕਮਲ ਵਿਹਾਰ ਇਲਾਕੇ 'ਚ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਰਲ਼ ਕੇ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਪਹਿਲਾਂ ਦੋਵਾਂ ਪਤੀ-ਪਤਨੀ ਵਿਚਕਾਰ ਕਿਸੇ ਗੱਲੋਂ ਲੜਾਈ ਹੋਈ ਸੀ। ਪਤੀ ਨਸ਼ੇ ਦੀ ਹਾਲਤ ਵਿੱਚ ਸੀ। ਦੂਜੇ ਪਾਸੇ ਕਤਲ ਕਰਨ ਵਾਲੀ ਔਰਤ ਦੇ ਪ੍ਰੇਮੀ ਦਾ ਕਰੀਬ ਪੰਜ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕਾ ਸਾਂਭਿਆ ਅਤੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਰਖਵਾ ਦਿੱਤਾ ਹੈ। ਦਰਅਸਲ ਔਰਤ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਪਤੀ-ਪਤਨੀ 'ਚ ਅਕਸਰ ਲੜਾਈ ਰਹਿੰਦੀ ਸੀ।
ਸਿਰ ਉੱਤੇ ਮਾਰੀ ਭਾਰੀ ਚੀਜ਼:ਜਾਣਕਾਰੀ ਮੁਤਾਬਿਕ ਘਟਨਾ ਵਾਲੇ ਦਿਨ ਵੀ ਦੋਵਾਂ ਵਿਚਾਲੇ ਲੜਾਈ ਹੋਈ ਸੀ। ਇਸ ਤੋਂ ਬਾਅਦ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੇ ਸਿਰ 'ਤੇ ਭਾਰੀ ਚੀਜ਼ ਨਾਲ ਹਮਲਾ ਕਰ ਦਿੱਤਾ, ਜਿਸ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਖ਼ਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਇਸ ਕਤਲ ਵਿੱਚ ਕਿਸੇ ਤੀਜੇ ਵਿਅਕਤੀ ਦਾ ਵੀ ਹੱਥ ਹੋ ਸਕਦਾ ਹੈ। ਇਸਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪ੍ਰੇਮੀ ਦਾ ਹਾਲੇ ਪੰਜ ਦਿਨ ਪਹਿਲਾਂ ਵਿਆਹ ਹੋਇਆ ਸੀ ਅਤੇ ਇਸਦੇ ਬਾਵਜੂਦ ਪ੍ਰੇਮੀ ਇਸ ਔਰਤ ਨਾਲ ਗੱਲ ਕਰਦਾ ਸੀ। ਇਸ ਸਬੰਧੀ ਪ੍ਰੇਮੀ ਦੇ ਪਰਿਵਾਰ ਵਾਲੇ ਵੀ ਆਪਣੀ ਪ੍ਰੇਮਿਕਾ ਦੇ ਘਰ ਆਏ ਸਨ ਅਤੇ ਇਸ ਸਬੰਧੀ ਕਈ ਵਾਰ ਝਗੜਾ ਵੀ ਹੋਇਆ ਸੀ।