ਮੁੰਬਈ: ਛੇ ਸਾਲਾਂ ਤੋਂ ਭਗੌੜੇ ਸੱਟੇਬਾਜ਼ ਅਨਿਲ ਜੈਸਿੰਘਾਨੀ ਨੂੰ ਮਹਾਰਾਸ਼ਟਰ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਸਾਈਬਰ ਸੈੱਲ ਨੇ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਅਨਿਲ ਦੀ ਬੇਟੀ ਅਨਿਕਸ਼ਾ ਨੂੰ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਨੂੰ ਬਲੈਕਮੇਲ ਕਰਨ ਅਤੇ ਰਿਸ਼ਵਤ ਲੈਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ 'ਚ ਪੁਲਸ ਨੇ ਉਲਹਾਸਨਗਰ ਤੋਂ ਗ੍ਰਿਫਤਾਰ ਕੀਤਾ ਸੀ। ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤ ਫੜਨਵੀਸ ਨੂੰ ਵੀਡੀਓ, ਆਡੀਓ ਕਲਿੱਪ ਅਤੇ ਹੋਰ ਸੰਦੇਸ਼ ਭੇਜ ਕੇ 1 ਕਰੋੜ ਰੁਪਏ ਦੀ ਰਿਸ਼ਵਤ ਦੇਣ ਅਤੇ 10 ਕਰੋੜ ਰੁਪਏ ਦੀ ਜਬਰੀ ਵਸੂਲੀ ਕਰਨ ਦੀ ਧਮਕੀ ਦੇਣ ਲਈ ਐਫਆਈਆਰ ਦਰਜ ਕੀਤੇ ਜਾਣ ਤੋਂ ਬਾਅਦ ਡਿਜ਼ਾਈਨਰ ਅਨਿਕਸ਼ਾ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਸੱਟੇਬਾਜ਼ ਅਨਿਲ ਜੈਸਿੰਘਾਨੀ ਦਾ ਨਾਂ ਸਾਹਮਣੇ ਆਇਆ। ਹਾਲਾਂਕਿ ਉਸ ਨੇ ਆਪਣੇ 'ਤੇ ਲੱਗੇ ਇਲਜ਼ਾਮ ਤੋਂ ਇਨਕਾਰ ਕੀਤਾ ਹੈ ਅਤੇ ਉਨ੍ਹਾਂ ਕਿਹਾ ਕਿ ਸਾਡੇ ਨਾਲ ਬੇਇਨਸਾਫ਼ੀ ਹੋਈ ਹੈ।
ਅਨਿਲ ਨੇ ਕਿਹਾ ਕਿ ਮੇਰੀ ਬੇਟੀ ਦੇ ਖਿਲਾਫ ਮਾਮਲਾ ਪੂਰੀ ਤਰ੍ਹਾਂ ਫਰਜ਼ੀ ਹੈ। ਉਨ੍ਹਾਂ ਕਿਹਾ ਕਿ ਅਨਿਕਸ਼ਾ ਦੇ ਪੁਲਸ ਹਿਰਾਸਤ 'ਚੋਂ ਬਾਹਰ ਆਉਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆ ਜਾਵੇਗੀ। ਸੱਟੇਬਾਜ਼ ਅਨਿਲ ਜੈਸਿੰਘਾਨੀ ਅਤੇ ਉਸ ਦੀ ਫੈਸ਼ਨ ਡਿਜ਼ਾਈਨਰ ਬੇਟੀ ਅਨਿਕਸ਼ਾ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ, ਮਾਲਾਬਾਰ ਹਿੱਲ ਪੁਲਸ ਨੇ ਵੀਰਵਾਰ ਨੂੰ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਤੋਂ ਹਿਰਾਸਤ 'ਚ ਲੈ ਲਿਆ। ਦੱਸਿਆ ਗਿਆ ਹੈ ਕਿ ਹੋਰ ਲੋਕਾਂ ਦੇ ਕਹਿਣ 'ਤੇ ਡਿਜ਼ਾਈਨਰ ਅਨਿਕਸ਼ਾ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅਮ੍ਰਿਤਾ ਫੜਨਵੀਸ ਨੂੰ ਮਿਲ ਰਹੀ ਸੀ। ਇਸ ਦੌਰਾਨ ਉਹ ਆਪਣੇ ਪਿਤਾ ਖ਼ਿਲਾਫ਼ ਦਰਜ ਕੇਸ ਰੱਦ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਹਾਲਾਂਕਿ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਸਾਰੇ ਮਾਮਲੇ ਵਿੱਚ ਕੁਝ ਸਿਆਸੀ ਸ਼ਖ਼ਸੀਅਤਾਂ ਦੇ ਸ਼ਾਮਲ ਹੋਣ ਦੀ ਪ੍ਰਬਲ ਸੰਭਾਵਨਾ ਹੈ।