ਮੁੰਬਈ: ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਗਰਮੀਆਂ ਦੇ ਮੌਸਮ ਵਿੱਚ ਘਰੇਲੂ ਹਵਾਈ ਆਵਾਜਾਈ ਵਿਚ ਹੋਰ ਵਾਧਾ ਹੋਣ ਦੀ ਉਮੀਦ ਦੇ ਨਾਲ, ਸਰਕਾਰ ਹਵਾਈ ਕਿਰਾਏ ਦੇ ਨਾਲ-ਨਾਲ ਉਡਾਣਾਂ 'ਤੇ ਹੋਰ ਪਾਬੰਦੀਆਂ ਹਟਾ ਸਕਦੀ ਹੈ।
ਸ਼ੁੱਕਰਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਬੈਠਕ ਵਿੱਚ ਜਾਰੀ ਕੀਤੇ ਗਏ ਸਰਕਾਰੀ ਬਿਆਨ ਮੁਤਾਬਕ, ਹਰਦੀਪ ਪੁਰੀ ਨੇ ਇਹ ਵੀ ਕਿਹਾ ਕਿ ਘਰੇਲੂ ਹਵਾਈ ਆਵਾਜਾਈ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਅਤੇ ਹੁਣ ਇਹ ਅੰਕੜਾ ਰੋਜ਼ਾਨਾ ਤਕਰੀਬਨ ਤਿੰਨ ਲੱਖ ਯਾਤਰੀਆਂ ਤੱਕ ਪਹੁੰਚ ਗਿਆ ਹੈ।
ਪੁਰੀ ਨੇ ਸੰਸਦ ਮੈਂਬਰਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੇ ਨਾਲ-ਨਾਲ ਹਵਾਬਾਜ਼ੀ ਖੇਤਰ ਦੇ ਲਾਭ ਲਈ ਮੰਤਰਾਲੇ ਦੁਆਰਾ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ।
ਬਿਆਨ ਦੇ ਅਨੁਸਾਰ ਉਨ੍ਹਾਂ ਨੇ ਕਿਰਾਏ ਦੇ ਘੱਟੋ ਘੱਟ ਅਤੇ ਵੱਧ ਤੋਂ ਵੱਧ ਸੀਮਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗਰਮੀਆਂ ਦੌਰਾਨ ਘਰੇਲੂ ਆਵਾਜਾਈ ਹੋਰ ਵੱਧੇਗੀ, ਇਸ ਨਾਲ ਕਿਰਾਏ ਦਾ ਦਾਇਰਾ ਅਤੇ ਹੋਰ ਪਾਬੰਦੀਆਂ ਖ਼ਤਮ ਕੀਤੀਆਂ ਜਾ ਸਕਦੀਆਂ ਹਨ।
ਉਡਾਨ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਮੰਤਰੀ ਪੁਰੀ ਨੇ ਕਿਹਾ ਕਿ ਚਾਰ ਗੇੜ ਦੀਆਂ ਬੋਲੀਆਂ ਹੋ ਚੁੱਕੀਆਂ ਹਨ ਅਤੇ 700 ਤੋਂ ਵੱਧ ਰੂਟਾਂ ਨੂੰ ਮੰਨਜ਼ੂਰੀ ਦਿੱਤੀ ਗਈ ਹੈ।