ਪੁੰਛ:ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ 'ਚ ਵੀਰਵਾਰ ਨੂੰ ਭਿੰਬਰ ਗਲੀ ਅਤੇ ਪੁੰਛ ਵਿਚਕਾਰ ਚੱਲ ਰਹੇ ਫੌਜ ਦੇ ਵਾਹਨ 'ਤੇ ਅਣਪਛਾਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਦੇ ਸੰਭਾਵਿਤ ਗ੍ਰਨੇਡ ਹਮਲੇ ਕਾਰਨ ਗੱਡੀ ਨੂੰ ਅੱਗ ਲੱਗ ਗਈ। ਭਾਰਤੀ ਫੌਜ ਨੇ ਕਿਹਾ ਕਿ ਖੇਤਰ 'ਚ ਅੱਤਵਾਦ ਵਿਰੋਧੀ ਮੁਹਿੰਮਾਂ ਲਈ ਤਾਇਨਾਤ ਰਾਸ਼ਟਰੀ ਰਾਈਫਲਜ਼ ਯੂਨਿਟ ਦੇ ਪੰਜ ਜਵਾਨ ਇਸ ਹਮਲੇ 'ਚ ਸ਼ਹੀਦ ਹੋ ਗਏ। ਇਸ ਤੋਂ ਇਲਾਵਾ ਇਕ ਫੌਜੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਰਾਜੌਰੀ ਦੇ ਆਰਮੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਰਾਸ਼ਟਰੀ ਰਾਈਫਲਜ਼ ਯੂਨਿਟ ਇਨ੍ਹਾਂ ਪੰਜ ਜਵਾਨਾਂ ਵਿੱਚੋ 4 ਜਵਾਨ ਪੰਜਾਬ ਦੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੌਜੀ ਜਵਾਨਾਂ ਦੀ ਮੌਤ ਉਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਮੁੱਖ ਮੰਤਰੀ ਨੇ ਟਵਿਟ ਵਿੱਚ ਲਿਖਿਆ ਹੈ ''ਰਾਸ਼ਟਰੀ ਰਾਈਫਲਜ ਦੇ ਪੰਜ ਜਵਾਨ ਜਿੰਨਾ ਵਿੱਚੋਂ ਚਾਰ ਜਵਾਨ ਪੰਜਾਬ ਤੋਂ ਸਨ ਇੱਕ ਅੱਤਵਾਦੀ ਹਮਲੇ ਚ ਸ਼ਹੀਦ…ਸਰਹੱਦਾਂ ਦੇ ਰਖਵਾਲੇ ਅਮਰ ਰਹੇ…ਪਰਿਵਾਰਾਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖ਼ਸ਼ੇ …ਪੑਣਾਮ ਸ਼ਹੀਦਾਂ ਨੂੰ ..
ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੂੰ ਲੱਭਣ ਲਈ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅੱਤਵਾਦੀ ਹਮਲੇ ਦੀ ਸੂਚਨਾ ਤੁਰੰਤ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਫੌਜ ਦੇ ਹੋਰ ਜਵਾਨਾਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾਇਆ ਅਤੇ ਗੱਡੀ 'ਚ ਲੱਗੀ ਅੱਗ 'ਤੇ ਕਾਬੂ ਪਾਇਆ। ਇਹ ਅੱਤਵਾਦੀ ਹਮਲਾ ਪੁੰਛ ਦੇ ਭਾਟਾ ਧੂੜੀਆ ਇਲਾਕੇ 'ਚ ਹਾਈਵੇਅ 'ਤੇ ਹੋਇਆ। ਸੂਚਨਾ ਮਿਲਦੇ ਹੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਵੀ ਖਦਸ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁੰਛ ਤੋਂ 90 ਕਿਲੋਮੀਟਰ ਦੂਰ ਮੌਕੇ 'ਤੇ ਫੌਜ ਅਤੇ ਪੁਲਸ ਦੇ ਜਵਾਨ ਪਹੁੰਚ ਗਏ ਹਨ। ਪੁੰਛ 'ਚ ਜਿਸ ਇਲਾਕੇ 'ਚ ਅੱਤਵਾਦੀਆਂ ਨੇ ਭਾਰਤੀ ਫੌਜ ਦੇ ਟਰੱਕ 'ਤੇ ਗੋਲੀਬਾਰੀ ਕੀਤੀ, ਉਸ ਇਲਾਕੇ 'ਚ ਡਰੋਨ ਨਿਗਰਾਨੀ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਅੱਤਵਾਦੀਆਂ ਵੱਲੋਂ ਫੌਜ ਦੇ ਟਰੱਕ 'ਤੇ ਹਮਲਾ ਕਰਨ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ।