ਮੁੰਬਈ: ਮਹਾਰਾਸ਼ਟਰ ਪੁਲਿਸ ਨੇ ਸ਼ਨੀਵਾਰ ਨੂੰ ਤੇਲੰਗਾਨਾ ਦੇ ਇਕ ਨੌਜਵਾਨ ਨੂੰ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਧਮਕੀ ਭਰੀ ਈਮੇਲ ਭੇਜਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। 19 ਸਾਲਾ ਗਣੇਸ਼ ਵਨਪਾਰਧੀ ਨੂੰ ਪੁਲਿਸ ਨੇ ਅੰਬਾਨੀ ਤੋਂ ਕਰੋੜਾਂ ਰੁਪਏ ਦੀ ਮੰਗ ਕਰਨ ਵਾਲੀਆਂ ਕਈ ਈਮੇਲਾਂ ਭੇਜਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਬਾਨੀ ਨੂੰ 28 ਅਕਤੂਬਰ ਤੋਂ 3 ਨਵੰਬਰ ਦਰਮਿਆਨ ਤਿੰਨ ਧਮਕੀ ਭਰੇ ਈਮੇਲ ਮਿਲੇ ਸਨ ਅਤੇ ਭੇਜਣ ਵਾਲੇ ਨੇ ਆਪਣੀ ਪਛਾਣ ਸ਼ਾਦਾਬ ਖਾਨ ਵਜੋਂ ਦੱਸੀ ਸੀ।
ਨੌਜਵਾਨ ਨੇ ਅੰਬਾਨੀ ਨੂੰ ਪਿਛਲੀ ਈਮੇਲ ਨੂੰ ਨਜ਼ਰਅੰਦਾਜ਼ ਕਰਨ 'ਤੇ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ, ਜਿਸ 'ਚ ਵਿਅਕਤੀ ਨੇ 400 ਕਰੋੜ ਰੁਪਏ ਦੀ ਮੰਗ ਕੀਤੀ ਸੀ। ਮੁਲਜ਼ਮ ਵਨਪਾਰਧੀ ਨੂੰ ਗ੍ਰਿਫਤਾਰ ਕਰਕੇ ਸ਼ਨੀਵਾਰ ਨੂੰ ਮੁੰਬਈ ਦੀ ਹੇਠਲੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 8 ਨਵੰਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮੁਕੇਸ਼ ਅੰਬਾਨੀ ਨੂੰ ਧਮਕੀ ਭਰੀ ਈਮੇਲ ਮਿਲਣ ਤੋਂ ਤੁਰੰਤ ਬਾਅਦ ਇਹ ਗ੍ਰਿਫਤਾਰੀ ਕੀਤੀ ਗਈ ਸੀ, ਜਿਸ ਵਿੱਚ ਉਸ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਉਨ੍ਹਾਂ ਨੇ ਪਿਛਲੀ ਜਬਰੀ ਵਸੂਲੀ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।