ਹੈਦਰਾਬਾਦ:ਸ਼ਿਵ ਕੁਮਾਰ ਬਟਾਲਵੀ ਦਾ ਜਨਮ ਅੱਜ ਦੇ ਦਿਨ ਬੜਾ ਪਿੰਡ ਲੋਹਤੀਆਂ, ਤਹਿਸੀਲ ਸ਼ੱਕਰਗੜ੍ਹ, ਜ਼ਿਲ੍ਹਾ ਸਿਆਲਕੋਟ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਪੰਡਿਤ ਕ੍ਰਿਸ਼ਨ ਗੋਪਾਲ ਸੀ। ਉਨ੍ਹਾਂ ਦੀ ਮਾਤਾ ਦਾ ਨਾਮ ਸ਼ਾਂਤੀ ਦੇਵੀ ਸੀ। ਸ਼ਿਵ ਕਿਮਾਰ ਨੂੰ ਬਿਰਹਾ ਦੇ ਕਵੀ ਵਜੋਂ ਵੀ ਜਾਣਿਆ ਜਾਂਦਾ ਹੈ। ਕਿਉਕਿ ਸ਼ਿਵ ਦੀਆਂ ਕਵਿਤਾਵਾਂ ਦੁੱਖ, ਨਿੱਜੀ ਦਰਦ, ਵਿਛੋੜੇ ਅਤੇ ਪਿਆਰ 'ਤੇ ਕੇਂਦਰਿਤ ਹੁੰਦੀਆਂ ਸੀ।
ਸ਼ਿਵ ਕੁਮਾਰ ਬਟਾਲਵੀ ਦੀ ਪੜ੍ਹਾਈ: ਸ਼ਿਵ ਕੁਮਾਰ ਨੇ ਮੁੱਢਲੀ ਪੜ੍ਹਾਈ ਬੜਾ ਪਿੰਡ ਲੋਹਤੀਆਂ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ ਸੀ। ਸਾਲ 1953 'ਚ ਸ਼ਿਵ ਕੁਮਾਰ ਨੇ ਸਾਲਵੇਸ਼ਨ ਆਰਮੀ ਹਾਈ ਸਕੂਲ ਬਟਾਲਾ ਤੋਂ ਦਸਵੀ ਪਾਸ ਕੀਤੀ। ਉਨ੍ਹਾਂ ਦੇ ਪਿਤਾ ਸ਼ਿਵ ਨੂੰ ਕਾਰੋਬਾਰੀ ਬਣਾਉਣਾ ਚਾਹੁੰਦੇ ਸੀ। ਪਰ ਦਸਵੀ ਕਰਨ ਤੋਂ ਬਾਅਦ ਸ਼ਿਵ ਕੁਮਾਰ ਬਟਾਲਵੀਨੇ ਕਈ ਕਾਲਜ ਬਦਲੇ। ਦਸਵੀ ਕਰਨ ਤੋਂ ਬਾਅਦ ਉਨ੍ਹਾਂ ਨੇ ਬੇਰਿੰਗ ਯੂਨਿਅਨ ਕ੍ਰਿਸਚੀਅਨ ਕਾਲਜ ਬਟਾਲਾ 'ਚ ਐਫ.ਐਸ.ਸੀ 'ਚ ਦਾਖਲਾ ਲਿਆ ਅਤੇ ਪੇਪਰ ਹੋਣ ਤੋਂ ਪਹਿਲਾ ਹੀ ਕਾਲਜ ਛੱਡ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੇ ਨਾਭੇ ਜਾ ਕੇ ਸਰਕਾਰੀ ਰਿਪੂਦਮਨ ਕਾਲਜ 'ਚ ਦਾਖਲਾ ਲਿਆ, ਪਰ ਕੁਝ ਹੀ ਮਹੀਨਿਆਂ 'ਚ ਸ਼ਿਵ ਨੇ ਉਹ ਕਾਲਜ ਵੀ ਛੱਡ ਦਿੱਤਾ ਅਤੇ ਆਰਟਸ ਵਿਸ਼ੇ ਨੂੰ ਚੁਣ ਕੇ ਸਿੱਖ ਨੈਸ਼ਨਲ ਕਾਲਜ ਕਾਦੀਆਂ 'ਚ ਦਾਖਲਾ ਲੈ ਲਿਆ। ਉਨ੍ਹਾਂ ਨੇ ਉੱਥੇ ਵੀ ਪੇਪਰ ਨਾ ਦਿੱਤੇ ਅਤੇ ਇਸ ਕਾਲਜ ਨੂੰ ਛੱਡ ਕੇ ਬੈਜਨਾਥ ਜ਼ਿਲ੍ਹਾਂ ਕਾਂਗੜਾ ਦੇ ਇੱਕ ਸਕੂਲ 'ਚ ਓਵਰਸੀਅਰ ਦੇ ਕੋਰਸ 'ਚ ਦਾਖਲਾ ਲੈ ਲਿਆ।
ਸ਼ਿਵ ਕੁਮਾਰ ਬਟਾਲਵੀ ਦਾ ਕਰੀਅਰ:ਫਿਰ ਸ਼ਿਵ ਕੁਮਾਰ ਦੇ ਪਿਤਾ ਨੇ ਉਨ੍ਹਾਂ ਨੂੰ ਪਟਵਾਰੀ ਲਗਾ ਦਿੱਤਾ ਪਰ 1961 'ਚ ਉਨ੍ਹਾਂ ਨੇ ਇਸ ਨੌਕਰੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਅਤੇ 1966 ਤੱਕ ਬੇਰੁਜ਼ਗਾਰ ਹੀ ਰਹੇ। ਸ਼ਿਵ ਆਪਣੇ ਪਿਤਾ ਤੋਂ ਕੋਈ ਵੀ ਖਰਚਾ ਨਹੀਂ ਲੈਂਦੇ ਸੀ। ਇਸ ਲਈ ਇਸ ਦੌਰਾਨ ਉਹ ਕਦੇ-ਕਦੇ ਕਵੀ ਦਰਬਾਰਾਂ 'ਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫ਼ਲ ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਦੀ ਨਿਗੂਣੀ ਰਾਇਲਟੀ 'ਤੇ ਹੀ ਗੁਜ਼ਾਰਾ ਕਰਦੇ ਸੀ। ਕਈ-ਕਈ ਦਿਨ ਉਹ ਆਪਣੇ ਦੋਸਤਾਂ ਦੇ ਘਰ ਰਹਿੰਦੇ ਸੀ। ਇਸ ਤੋਂ ਬਾਅਦ 1966 'ਚ ਉਹ ਸਟੇਟ ਬੈਂਕ ਆਫ਼ ਇੰਡੀਆਂ ਦੀ ਬਟਾਲਾ ਸ਼ਾਖਾ 'ਚ ਕਲਰਕ ਦੀ ਨੌਕਰੀ ਕਰਨ ਲੱਗੇ।