ਨਵੀਂ ਦਿੱਲੀ:ਗਾਜ਼ੀਪੁਰ ਮੰਡੀ ਵਿੱਚ ਮਿਲਿਆ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਸਵੇਰੇ 11.40 ਵਜੇ ਫੱਟਣ ਵਾਲਾ ਸੀ। ਇਸ 'ਤੇ ਸੁਰੱਖਿਆ ਏਜੰਸੀਆਂ ਨੂੰ ਜੋ ਟਾਈਮਰ ਮਿਲਿਆ, ਉਸ ਦਾ ਸਮਾਂ 11.40 ਦਾ ਸੀ। ਇਸ ਆਈ.ਈ.ਡੀ ਵਿੱਚ ਤਿੰਨ ਕਿਲੋ ਵਿਸਫੋਟਕ ਰੱਖਿਆ ਗਿਆ ਸੀ, ਜਿਸ ਵਿੱਚ ਆਰਡੀਐਕਸ ਅਤੇ ਅਮੋਨੀਅਮ ਨਾਈਟ੍ਰੇਟ ਦੀ ਵੀ ਵਰਤੋਂ ਕੀਤੀ ਗਈ ਸੀ। ਸਪੈਸ਼ਲ ਸੈੱਲ ਮੁੱਢਲੀ ਜਾਂਚ ਵਿੱਚ ਮੰਨ ਰਿਹਾ ਹੈ ਕਿ ਇਹ ਹਮਲਾ ਕਰਨ ਦੀ ਸਾਜ਼ਿਸ਼ ਸੀ। ਇਸ ਨੂੰ ਧਿਆਨ 'ਚ ਰੱਖਦੇ ਹੋਏ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਗਾਜ਼ੀਪੁਰ ਮੰਡੀ 'ਚ ਸਕੂਟੀ 'ਤੇ ਇਕ ਲਾਵਾਰਿਸ ਬੈਗ ਮਿਲਿਆ ਸੀ। 10.19 ਵਜੇ ਇਸ ਸਬੰਧੀ ਪੁਲਿਸ ਨੂੰ ਫ਼ੋਨ ਕੀਤਾ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਪੂਰੇ ਬਾਜ਼ਾਰ ਨੂੰ ਖਾਲੀ ਕਰਵਾਇਆ ਅਤੇ ਬੈਗ 'ਚ ਸ਼ੱਕੀ ਵਸਤੂਆਂ ਹੋਣ ਕਾਰਨ ਫਾਇਰ ਬ੍ਰਿਗੇਡ ਵਿਭਾਗ ਅਤੇ NSG ਨੂੰ ਵੀ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਐੱਨਐੱਸਜੀ ਦੀ ਟੀਮ ਨੇ ਕਰੇਨ ਦੀ ਮਦਦ ਨਾਲ 8 ਫੁੱਟ ਡੂੰਘਾ ਟੋਆ ਬਣਾ ਕੇ ਉਸ 'ਚ ਬੰਬ ਨੂੰ ਵਿਸਫੋਟ ਕੀਤਾ। ਇਸ ਪੂਰੇ ਮਾਮਲੇ ਸਬੰਧੀ ਸਪੈਸ਼ਲ ਸੈੱਲ ਵੱਲੋਂ ਐਕਸਪਲੋਸਿਵ ਐਕਟ ਤਹਿਤ ਐਫ਼.ਆਈ.ਆਰ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਸਾਜ਼ਿਸ਼ ਪਿੱਛੇ ਕੌਣ ਸੀ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਇਸ ਬੰਬ 'ਤੇ ਧਮਾਕੇ ਦਾ ਸਮਾਂ ਸਵੇਰੇ 11.40 ਵਜੇ ਰੱਖਿਆ ਗਿਆ ਸੀ। ਇਹ ਇਕ ਆਈਈਡੀ ਸੀ ਜਿਸ ਦੀ ਵਰਤੋਂ ਅੱਤਵਾਦੀ ਧਮਾਕਿਆਂ ਲਈ ਕਰਦੇ ਹਨ। ਇਸ ਵਿਚ ਤਿੰਨ ਕਿਲੋ ਵਿਸਫੋਟਕ ਸੀ, ਜਿਸ ਕਾਰਨ ਜੇਕਰ ਧਮਾਕਾ ਹੋ ਜਾਂਦਾ ਤਾਂ ਉਥੇ ਮੌਜੂਦ ਕਈ ਲੋਕਾਂ ਦੀ ਜਾਨ ਜਾ ਸਕਦੀ ਸੀ।