ਨਵੀਂ ਦਿੱਲੀ: ਰੂਸੀ ਵਿਦੇਸ਼ੀ ਖੁਫੀਆ ਏਜੰਸੀ ਐਸਵੀਆਰ ਦੇ ਮੁਖੀ ਸਰਗੇਈ ਨਾਰਿਸ਼ਿਕਨ (Sergey Naryshkin ) ਨੇ ਕਿਹਾ ਕਿ ਚੀਨੀ ਅਤੇ ਭਾਰਤੀ ਹਮਰੁਤਬਾ ਨਾਲ ਉਨ੍ਹਾਂ ਦੇ ਸਬੰਧਾਂ ਦਾ "ਖਾਸ ਮੁੱਲ" ਹੈ। ਖੁਫੀਆ ਏਜੰਸੀ SVR ਦੇ 101 ਸਾਲ ਪੂਰੇ ਹੋਣ 'ਤੇ ਸਰਕਾਰੀ ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਸਰਗੇਈ ਨਾਰਿਸ਼ਿਕਨ ਨੇ ਦਾਅਵਾ ਕੀਤਾ ਕਿ ਉਸਨੇ ਚੀਨੀ ਅਤੇ ਭਾਰਤੀ ਖੁਫੀਆ ਏਜੰਸੀਆਂ ਨਾਲ ਤਿੰਨ-ਪੱਖੀ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦੋਵਾਂ ਦੇਸ਼ਾਂ ਨਾਲ ਗੱਲਬਾਤ ਦਾ "ਖਾਸ ਮੁੱਲ" ਹੈ।
ਉਨ੍ਹਾਂ ਨੇ ਤਿੰਨ-ਪੱਖੀ ਮੀਟਿੰਗ ਦੇ ਫਾਰਮੈਟ ਨੂੰ ਆਰਆਈਸੀ (RIC) ਮੰਚ ਕਰਾਰ ਦਿੱਤਾ। ਰੂਸੀ ਖੁਫੀਆ ਮੁਖੀ ਦਾ ਕਹਿਣਾ ਹੈ ਕਿ ਰੂਸ-ਭਾਰਤ-ਚੀਨ ਨੇ ਪੱਛਮੀ ਦੇਸ਼ਾਂ ਦੀ ਸਰਦਾਰੀ ਨੂੰ ਸੰਤੁਲਿਤ ਕਰਨ ਲਈ ਆਰਆਈਸੀ ਪਲੇਟਫਾਰਮ ਦੀ ਸ਼ੁਰੂਆਤ ਕੀਤੀ ਹੈ। RIC ਦੇ ਵਿਦੇਸ਼ ਮੰਤਰੀ ਵੀ ਸਮੇਂ-ਸਮੇਂ 'ਤੇ ਮੀਟਿੰਗਾਂ ਕਰਦੇ ਹਨ।
ਦੱਸ ਦਈਏ ਕਿ ਰੂਸੀ ਖੁਫੀਆ ਮੁਖੀ ਦਾ ਇਹ ਹੈਰਾਨ ਕਰਨ ਵਾਲਾ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਪਿਛਲੇ ਕੁਝ ਸਾਲਾਂ 'ਚ ਭਾਰਤ ਨੂੰ ਅਮਰੀਕਾ ਦੇ ਕਰੀਬ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਚੀਨ ਨਾਲ ਵੀ ਇਸ ਦੇ ਸਬੰਧ ਆਮ ਨਹੀਂ ਹਨ। ਏਸ਼ੀਆ ਦੇ ਦੋ ਦਿੱਗਜ ਚੀਨ ਅਤੇ ਭਾਰਤ ਨੇ ਸਰਹੱਦ 'ਤੇ ਭਾਰੀ ਸੈਨਿਕ ਸਾਜ਼ੋ-ਸਾਮਾਨ ਤੋਂ ਇਲਾਵਾ 100,000 ਤੋਂ ਵੱਧ ਸੈਨਿਕ ਤਾਇਨਾਤ ਕੀਤੇ ਹਨ।
ਆਪਣੀ ਇੰਟਰਵਿਊ ਵਿੱਚ, SVR ਦੇ ਮੁਖੀ, ਸਰਗੇਈ ਨਾਰਿਸ਼ਿਕਨ ਨੇ ਵੀ ਅਮਰੀਕੀ ਜਾਸੂਸੀ ਏਜੰਸੀ ਸੀਆਈਏ ਨੂੰ ਇੱਕ ਸਾਥੀ ਕਿਹਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਰੂਸੀ ਖੁਫੀਆ ਏਜੰਸੀ ਸੀਆਈਏ ਨਾਲ ਅੰਤਰਰਾਸ਼ਟਰੀ ਅੱਤਵਾਦ ਵਿਰੁੱਧ ਲੜਨ ਲਈ ਅਹਿਮ ਮੁੱਦਿਆਂ 'ਤੇ ਜਾਣਕਾਰੀ ਸਾਂਝੀ ਕਰਦੀ ਹੈ।
ਨਾਰੀਸ਼ਿਕਨ ਨੇ ਸੀਆਈਏ ਡਾਇਰੈਕਟਰ ਵਿਲੀਅਮ ਜੇ. ਬਰਨਜ਼ ਨਾਲ ਹਾਲ ਹੀ ਵਿੱਚ ਹੋਈ ਮੀਟਿੰਗ ਬਾਰੇ ਦੱਸਿਆ ਹੈ। ਜਿੱਥੇ ਉਨ੍ਹਾਂ ਨੇ "ਸਾਂਝੇਦਾਰੀ ਦੇ ਆਮ ਤੌਰ 'ਤੇ ਸਵੀਕਾਰ ਕੀਤੇ ਸਿਧਾਂਤਾਂ 'ਤੇ ਅਧਾਰਿਤ ਆਪਸੀ ਲਾਭਕਾਰੀ ਸਹਿਯੋਗ" ਦੀ ਗੱਲ ਕੀਤੀ। ਉਨ੍ਹਾਂ ਦਾ ਕਹਿਣੈ ਕਿ ਰੂਸੀ ਖੁਫੀਆ ਏਜੰਸੀ ਐਸਵੀਆਰ ਦੇ ਸੀਆਈਐਸ ਅਤੇ ਐਸਸੀਓ ਦੇਸ਼ਾਂ ਦੇ ਖੁਫੀਆ ਢਾਂਚੇ ਨਾਲ ਵੀ ਨਜ਼ਦੀਕੀ ਸਬੰਧ ਹਨ।
ਐਸ.ਵੀ.ਆਰ ਮੁਖੀ ਨੇ ਕਿਹਾ ਕਿ ਅੱਜ ਦੇ ਔਖੇ ਸਮੇਂ ਵਿੱਚ ਅੱਤਵਾਦ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਸਾਈਬਰ ਅਪਰਾਧ ਅਤੇ ਗੈਰ-ਕਾਨੂੰਨੀ ਪ੍ਰਵਾਸ ਵਰਗੀਆਂ ਵਿਸ਼ਵ ਬੁਰਾਈਆਂ ਨਾਲ ਲੜਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਅਸੀਂ ਆਪਣੇ ਵਿਦੇਸ਼ੀ ਭਾਈਵਾਲਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ।
ਦੱਸ ਦੇਈਏ ਕਿ SVR-RF (Sluzhba vneshney razvedki Rossiyskoy Federatsii) ਰੂਸ ਦੀ ਵਿਦੇਸ਼ੀ ਖੁਫੀਆ ਏਜੰਸੀ ਹੈ। KGB ਦੀ ਸਥਾਪਨਾ 1920 ਵਿੱਚ ਕੀਤੀ ਗਈ ਸੀ ਪਰ ਦਸੰਬਰ 1991 ਵਿੱਚ SVR-RF ਵਿੱਚ ਬਦਲ ਗਿਆ। SVR ਰੂਸ ਤੋਂ ਬਾਹਰ ਖੁਫੀਆ ਅਤੇ ਜਾਸੂਸੀ ਗਤੀਵਿਧੀਆਂ ਨੂੰ ਸੰਭਾਲਦਾ ਹੈ। ਇਸ ਤੋਂ ਇਲਾਵਾ ਉਹ ਅੱਤਵਾਦ ਵਿਰੋਧੀ ਅਤੇ ਵਿਦੇਸ਼ੀ ਜਾਸੂਸੀ ਏਜੰਸੀਆਂ ਦੇ ਨਾਲ ਖੁਫੀਆ ਜਾਣਕਾਰੀ 'ਤੇ ਵੀ ਨਜ਼ਰ ਰੱਖਦਾ ਹੈ। ਖੁਫੀਆ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ, SVR ਰੂਸੀ ਰਾਸ਼ਟਰਪਤੀ ਨੂੰ ਆਪਣੀਆਂ ਖੋਜਾਂ ਅਤੇ ਨਿਰੀਖਣਾਂ ਦੀ ਰਿਪੋਰਟ ਕਰਦਾ ਹੈ।
SVR ਅਤੇ CIA ਨੂੰ ਦੁਨੀਆ ਦੀਆਂ ਚੋਟੀ ਦੀਆਂ ਖੁਫੀਆ ਏਜੰਸੀਆਂ ਮੰਨਿਆ ਜਾਂਦਾ ਹੈ। ਆਪਣੀ ਗੱਲਬਾਤ ਦੌਰਾਨ ਸਰਗੇਈ ਨਾਰੀਸ਼ਿਕਨ ਨੇ ਇਸ ਸੂਚੀ ਵਿੱਚ ਸ਼ਾਮਲ ਤੀਜੀ ਜਾਸੂਸੀ ਏਜੰਸੀ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ। ਇਹ ਪੁੱਛੇ ਜਾਣ 'ਤੇ ਕਿ ਕੀ ਕੇਜੀਬੀ ਦੇ ਜਾਸੂਸ ਅਜੇ ਵੀ ਪੱਛਮੀ ਦੇਸ਼ਾਂ 'ਚ ਮੌਜੂਦ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਸਿਆਸੀ ਬੇਰਹਿਮੀ, ਧਾਰਮਿਕ ਕਦਰਾਂ-ਕੀਮਤਾਂ 'ਤੇ ਹਮਲੇ ਅਤੇ ਪਰਿਵਾਰ ਦਾ ਜਾਣਬੁੱਝ ਕੇ ਪਤਨ ਵਰਗੀਆਂ ਸਥਿਤੀਆਂ ਬੁੱਧੀਜੀਵੀ ਵਰਗ ਦੇ ਨੁਮਾਇੰਦਿਆਂ ਨੂੰ ਰੂਸ ਨਾਲ ਸਬੰਧ ਬਣਾਉਣ ਲਈ ਮਜਬੂਰ ਕਰਦਾ ਹੈ।
ਇਹ ਵੀ ਪੜ੍ਹੋ:'ਦੇਸ਼ ਦੀ ਸਮਰੱਥਾ ਨੂੰ ਅਮਰੀਕੀ ਕੋਸ਼ਿਸ਼ਾਂ ਨਾਲ ਕਰਾਂਗਾ ਮਜ਼ਬੂਤ'