ਨਵੀਂ ਦਿੱਲੀ: ਐਤਵਾਰ ਸਵੇਰੇ ਰਾਜਧਾਨੀ ਵਿੱਚ ਸ਼ੁਰੂ ਹੋਇਆ ਮੀਂਹ ਸ਼ਾਮ ਤੱਕ ਜਾਰੀ ਰਿਹਾ। ਮੌਸਮ ਵਿਭਾਗ ਦੇ ਮੁਤਾਬਕ ਜਨਵਰੀ ਵਿੱਚ ਹੋਈ ਬਾਰਿਸ਼ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਵਿਭਾਗ ਨੇ ਦਿੱਲੀ ਸਮੇਤ ਐਨਸੀਆਰ ਲਈ ਸੋਮਵਾਰ ਨੂੰ ਆਰੇਂਜ ਅਲਰਟ ਜਾਰੀ ਕਰ ਚਿਤਾਵਨੀ ਜਾਰੀ ਕੀਤੀ ਹੈ ਤੇ 30 ਕਿਲੋਮੀਟਰ ਪ੍ਰਤੀ ਘੰਟੇ ਹਵਾ ਦੀ ਰਫ਼ਤਾਰ ਅਤੇ ਗੜੇਮਾਰੀ ਦੀ ਸੰਭਾਵਨਾ ਹੈ।
ਰਾਜਧਾਨੀ ਵਿੱਚ ਜਨਵਰੀ ਵਿੱਚ ਔਸਤਨ 21.7 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਪਿਛਲੇ 24 ਘੰਟਿਆਂ ਵਿੱਚ 25.1 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿੱਚ ਵੀ ਭਾਰੀ ਮੀਂਹ ਹੋਣ ਦੀ ਸੰਭਾਵਨਾ ਹੈ। ਸਾਲ 2012 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਜਨਵਰੀ ਦੇ ਪਹਿਲੇ ਹਫ਼ਤੇ ਮੀਂਹ ਦਾ ਪੱਧਰ ਇੰਨਾ ਜ਼ਿਆਦਾ ਰਿਹਾ ਹੈ। ਸਕਾਈਮੇਟ ਵੈਦਰ ਦੇ ਮੁੱਖ ਮੌਸਮ ਵਿਗਿਆਨੀ ਮਹੇਸ਼ ਪਲਾਵਤ ਮੁਤਾਬਕ ਛੱਤੀਸਗੜ੍ਹ ਵਿੱਚ ਐਂਟੀ ਸਾਈਕਲੋਨ ਅਤੇ ਰਾਜਸਥਾਨ ਵਿੱਚ ਸਾਈਕਲੋਨਿਕ ਸਰਕੁਲੇਸ਼ਨ ਕਾਰਨ ਦਿੱਲੀ ਵਿੱਚ ਮੀਂਹ ਪੈ ਰਿਹਾ ਹੈ। ਉਥੇ ਹੀ, ਅਰਬ ਸਾਗਰ ਤੋਂ ਆਉਣ ਵਾਲੀਆਂ ਦੱਖਣ ਪੱਛਮ ਦੀਆਂ ਹਵਾਵਾਂ ਵਿੱਚ ਨਮੀ ਹੈ।
ਘੱਟੋ ਘੱਟ ਤਾਪਮਾਨ ਵਧਿਆ
ਖੇਤਰੀ ਮੌਸਮ ਵਿਭਾਗ ਮੁਤਾਬਕ ਰਾਜਧਾਨੀ ਵਿੱਚ ਘੱਟੋ ਘੱਟ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਘੱਟੋ ਘੱਟ ਤਾਪਮਾਨ 9.9 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਅਤੇ ਵੱਧ ਤੋਂ ਵੱਧ 15.8 ਡਿਗਰੀ ਸੈਲਸੀਅਸ ਸੀ। ਇਹ ਜਨਵਰੀ ਦੇ ਸ਼ੁਰੂ ਵਿੱਚ ਪਹਿਲੀ ਵਾਰ ਹੈ ਜਦੋਂ ਦਿਨ ਵਿੱਚ ਵੱਧ ਤੋਂ ਵੱਧ ਤਾਪਮਾਨ 4 ਡਿਗਰੀ ਸੈਲਸੀਅਸ ਘਟਿਆ ਹੈ।
ਦਿੱਲੀ ਦੇ ਸਫਦਰਗੰਜ ਵਿੱਚ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ 14.8 ਮਿਲੀਮੀਟਰ ਮੀਂਹ ਰਿਕਾਰਡ ਕੀਤੀ ਗਈ। ਸਭ ਤੋਂ ਵੱਧ ਬਾਰਿਸ਼ ਲੋਧੀ ਰੋਡ ਖੇਤਰ ਵਿੱਚ 23.8 ਮਿਲੀਮੀਟਰ ਸੀ। ਇਸ ਤੋਂ ਇਲਾਵਾ ਪਾਲਮ ਵਿੱਚ 18.4 ਮਿਲੀਮੀਟਰ, ਆਯਾਨਗਰ ਵਿੱਚ 14 ਅਤੇ ਨਜਫਗੜ੍ਹ ਵਿੱਚ 4 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਦਿਨ ਭਰ ਚੱਲੇ ਮੀਂਹ ਕਾਰਨ ਪਿਛਲੇ 24 ਘੰਟਿਆਂ ਵਿੱਚ ਨਮੀ ਦਾ ਵੱਧ ਤੋਂ ਵੱਧ ਪੱਧਰ 100 ਪ੍ਰਤੀਸ਼ਤ ਅਤੇ ਘੱਟੋ ਘੱਟ 96 ਫ਼ੀਸਦੀ ਦਰਜ ਕੀਤਾ ਗਿਆ।
ਪੱਛਮੀ ਗੜਬੜੀ ਦਾ ਸਰਗਰਮ ਹੋਣਾ ਬਣਿਆ ਕਾਰਨ
ਮੌਸਮ ਵਿਭਾਗ ਨੇ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਇੱਕ ਦਿਨ ਪਹਿਲਾਂ ਹੀ ਦਿੱਲੀ ਵਿੱਚ ਮੀਂਹ ਹੋਣ ਦੀ ਭਵਿੱਖਬਾਣੀ ਕੀਤੀ ਸੀ। ਵਿਭਾਗ ਮੁਤਾਬਕ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ ਅਤੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋ ਰਹੀ ਹੈ। ਸੋਮਵਾਰ ਨੂੰ ਵੀ ਮੀਂਹ ਦੇ ਨਾਲ ਹਲਕੇ ਗੜੇ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਪੱਛਮੀ ਗੜਬੜ ਕਾਰਨ ਘੱਟੋ ਘੱਟ ਤਾਪਮਾਨ ਦੀ ਘਾਟ ਕਾਰਨ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੇਗੀ।
ਪਾਣੀ ਭਰਨ ਅਤੇ ਦਰੱਖਤ ਡਿੱਗਣ ਕਾਰਨ ਸਮੱਸਿਆਵਾਂ
ਮੀਂਹ ਕਾਰਨ ਲੋਕਾਂ ਨੂੰ ਦਿੱਲੀ ਵਿੱਚ ਵੱਖ ਵੱਖ ਥਾਵਾਂ ‘ਤੇ ਪਾਣੀ ਭਰਨ ਅਤੇ ਦਰੱਖਤ ਡਿੱਗਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਸ਼ਮੀਰੀ ਗੇਟ, ਦਰਿਆਗੰਜ, ਕਰੋਲ ਬਾਗ, ਪਟੇਲ ਨਗਰ, ਚਾਂਦਨੀ ਚੌਕ, ਸਦਰ ਬਾਜ਼ਾਰ, ਲੋਧੀ ਰੋਡ, ਲਕਸ਼ਮੀ ਨਗਰ, ਯਮੁਨਾ ਵਿਹਾਰ, ਗੋਕਲਪੁਰੀ, ਭਜਨਪੁਰਾ, ਨਜਫਗੜ੍ਹ ਅਤੇ ਦੁਆਰਕਾ ਵਰਗੇ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਰਹੀ। ਦੂਜੇ ਪਾਸੇ, ਦੱਖਣ ਨਿਗਮ ਮੁਤਾਬਕ ਸਵਾਮੀ ਨਗਰ ਖੇਤਰ ਵਿੱਚ ਦਰੱਖਤ ਡਿੱਗਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।