ਨਵੀਂ ਦਿੱਲੀ :ਸ਼ਾਹਬਾਦ ਡੇਅਰੀ ਇਲਾਕੇ 'ਚ 16 ਸਾਲਾ ਲੜਕੀ ਦੀ ਹੱਤਿਆ ਦੇ ਦੋਸ਼ੀ ਸਾਹਿਲ ਖਾਨ ਦੇ ਪੁਲਿਸ ਰਿਮਾਂਡ 'ਚ ਅਦਾਲਤ ਨੇ ਤਿੰਨ ਦਿਨਾਂ ਲਈ ਹੋਰ ਵਧਾ ਦਿੱਤਾ ਹੈ। ਵੀਰਵਾਰ ਨੂੰ ਮੁਲਜ਼ਮ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਪੂਰਾ ਹੋਇਆ ਹੈ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਤਿੰਨ ਦਿਨ ਦਾ ਰਿਮਾਂਡ ਵਧਾਉਣ ਦੀ ਮੰਗ ਕੀਤੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਦਿੱਲੀ ਪੁਲਿਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਕਤਲ ਵਿੱਚ ਵਰਤਿਆ ਗਿਆ ਚਾਕੂ ਹਾਲੇ ਮਿਲਿਆ ਨਹੀਂ ਹੈ।
ਪੁਲਿਸ ਨੇ ਅਦਾਲਤ 'ਚ ਰੱਖਿਆ ਪੱਖ :ਪੁਲਿਸ ਨੇ ਦੱਸਿਆ ਕਿ ਮੁਲਜਮ ਸਾਹਿਲ ਪੁੱਛਗਿੱਛ 'ਚ ਸਹਿਯੋਗ ਨਹੀਂ ਕਰ ਰਿਹਾ ਹੈ ਅਤੇ ਇਹ ਵੀ ਸਪਸ਼ਟ ਨਹੀਂ ਹੋ ਰਿਹਾ ਹੈ ਕਿ ਉਸਨੇ ਕਤਲ ਤੋਂ ਬਾਅਦ ਚਾਕੂ ਕਿੱਥੇ ਲੁਕਾਇਆ ਸੀ। ਇਸ ਤੋਂ ਪਹਿਲਾਂ ਸਾਹਿਲ ਨੇ ਕਿਹਾ ਸੀ ਕਿ ਉਸ ਨੇ ਰਿਠਾਲਾ ਮੈਦਾਨ ਵਿੱਚ ਚਾਕੂ ਸੁੱਟਿਆ ਸੀ। ਉਥੇ ਪੁਲਸ ਨੇ ਕਾਫੀ ਮਿਹਨਤ ਕੀਤੀ, ਪਰ ਚਾਕੂ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਦੱਸਿਆ ਕਿ ਉਸ ਨੇ ਬੱਸ ਰਾਹੀਂ ਬੁਲੰਦਸ਼ਹਿਰ ਜਾਂਦੇ ਸਮੇਂ ਰਸਤੇ 'ਚ ਚਾਕੂ ਸੁੱਟ ਦਿੱਤਾ ਸੀ, ਪਰ ਉਸ ਨੇ ਰਸਤੇ 'ਚ ਚਾਕੂ ਕਿਸ ਜਗ੍ਹਾ 'ਤੇ ਸੁੱਟਿਆ ਸੀ, ਉਸ ਦਾ ਨਾਂ ਨਹੀਂ ਦੱਸਿਆ। ਇਸੇ ਲਈ ਉਸ ਕੋਲੋਂ ਅਜੇ ਪੁੱਛਗਿੱਛ ਕੀਤੀ ਜਾਣੀ ਹੈ ਅਤੇ ਹਥਿਆਰ ਬਰਾਮਦ ਕਰਨ ਲਈ ਘੱਟੋ-ਘੱਟ ਤਿੰਨ ਦਿਨਾਂ ਦੇ ਰਿਮਾਂਡ ਦੀ ਲੋੜ ਹੈ, ਜਿਸ ’ਤੇ ਅਦਾਲਤ ਨੇ ਰਿਮਾਂਡ ਵਧਾ ਦਿੱਤਾ ਹੈ।