ਅਹਿਮਦਾਬਾਦ : ਅਹਿਮਦਾਬਾਦ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਕਾਦਮਿਕ ਡਿਗਰੀ ਨੂੰ ਲੈ ਕੇ ਗੁਜਰਾਤ ਯੂਨੀਵਰਸਿਟੀ ਵਿਰੁੱਧ ਵਿਅੰਗਾਤਮਕ ਅਤੇ ਅਪਮਾਨਜਨਕ ਬਿਆਨ ਦੇਣ 'ਤੇ ਦਾਇਰ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਦੇ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਸੰਮਨ ਜਾਰੀ ਕੀਤੇ ਸਨ ਜਿਸ ਤਹਿਤ ਅੱਜ ਦੋਹਾਂ ਦੀ ਅਦਾਲਤ ਵਿਚ ਪੇਸ਼ੀ ਸੀ ਪਰ ਹੁਣ ਇਸ ਮਾਮਲੇ ਦੀ ਸੁਣਵਾਈ ਲਈ ਨਵੀਂ ਤਰੀਕ ਤੈਅ ਕਰ ਦਿੱਤੀ ਹੈ।
ਦੁਬਾਰਾ ਜਾਰੀ ਹੋ ਸਕਦੇ ਹਨ ਸੰਮਨ :ਦੱਸਿਆ ਜਾ ਰਿਹਾ ਹੈ ਕਿ ਪਟੀਸ਼ਨਕਰਤਾ ਦੇ ਵਕੀਲ ਅਮਿਤ ਨਾਇਕ ਮੁਤਾਬਿਕ 15 ਅਪ੍ਰੈਲ ਨੂੰ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਨੂੰ ਅਪਰਾਧਿਕ ਮਾਣਹਾਨੀ ਦੇ ਮਾਮਲੇ 'ਚ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਜਿਸ ਦੀ ਅੱਜ ਸੁਣਵਾਈ ਵੀ ਸੀ ਪਰ ਕੁਝ ਕਰਨਾ ਕਰਕੇ ਇਹ ਸੁਣਵਾਈ ਅੱਜ ਨਹੀਂ ਹੋਈ ਅਤੇ ਹੁਣ ਜੱਜ ਨੇ ਹੁਕਮ ਦਿੱਤਾ ਹੈ ਕਿ ਸ਼ਿਕਾਇਤ ਦੀਆਂ ਕਾਪੀਆਂ ਸਮੇਤ ਦੋਵਾਂ ਮੁਲਜ਼ਮਾਂ ਨੂੰ ਨਵੇਂ ਸਿਰਿਓਂ ਸੰਮਨ ਜਾਰੀ ਕੀਤੇ ਜਾਣ।
7 ਜੂਨ ਨੂੰ ਹੋਵੇਗੀ ਸੁਣਵਾਈ: ਮਾਮਲੇ ਸਬੰਧੀ ਵਕੀਲ ਅਮਿਤ ਨਾਇਕ ਨੇ ਕਿਹਾ ਕਿ ਸੁਣਵਾਈ ਦੀ ਅਗਲੀ ਤਰੀਕ 7 ਜੂਨ ਤੈਅ ਕੀਤੀ ਗਈ ਹੈ। ਇਕ ਦਿਨ ਪਹਿਲਾਂ ਗੁਜਰਾਤ 'ਆਪ' ਦੇ ਕਾਨੂੰਨੀ ਸੈੱਲ ਦੇ ਪ੍ਰਧਾਨ ਪ੍ਰਣਵ ਠਾਕੁਰ ਨੇ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਅਤੇ ਸੰਜੇ ਨੂੰ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਪੇਸ਼ ਹੋਣ ਲਈ ਅਜੇ ਤੱਕ ਸੰਮਨ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਮੀਡੀਆ ਰਾਹੀਂ ਹੀ ਪਤਾ ਲੱਗਾ
ਇਹ ਸੀ ਅਸਲ ਮਾਮਲਾ : ਜ਼ਿਕਰਯੋਗ ਹੈ ਕਿ ਗੁਜਰਾਤ ਯੂਨੀਵਰਸਿਟੀ ਦੇ ਰਜਿਸਟਰਾਰ ਪੀਯੂਸ਼ ਪਟੇਲ ਨੇ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਦੇ ਬਿਆਨਾਂ ਨੂੰ ਲੈ ਕੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਉਨ੍ਹਾਂ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਪੀਐਮ ਮੋਦੀ ਦੀ ਡਿਗਰੀ ਨੂੰ ਲੈ ਕੇ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਪ੍ਰੈੱਸ ਕਾਨਫਰੰਸ ਅਤੇ ਟਵਿੱਟਰ ਰਾਹੀਂ ਅਪਮਾਨਜਨਕ ਬਿਆਨ ਵੀ ਦਿੱਤੇ ਗਏ।
ਨਾਮ ਅੱਗੋਂ ਮੁੱਖ ਮੰਤਰੀ ਹਟਾਉਣ ਕੇਜਰੀਵਾਲ :ਅਦਾਲਤ ਨੇ ਕੇਸ ਦੇ ਕਾਰਨ ਸਿਰਲੇਖ ਵਿੱਚ ਕੇਜਰੀਵਾਲ ਦੇ ਨਾਂ ਤੋਂ ‘ਮੁੱਖ ਮੰਤਰੀ’ ਸ਼ਬਦ ਹਟਾਉਣ ਦਾ ਵੀ ਹੁਕਮ ਦਿੱਤਾ ਸੀ। ਅਦਾਲਤ ਨੇ ਕਿਹਾ ਕਿ ਉਸ ਨੇ ਇਹ ਬਿਆਨ ਨਿੱਜੀ ਤੌਰ 'ਤੇ ਦਿੱਤੇ ਹਨ। ਕੇਜਰੀਵਾਲ ਅਤੇ ਸਿੰਘ ਨੇ ਇਹ ਟਿੱਪਣੀਆਂ ਗੁਜਰਾਤ ਹਾਈ ਕੋਰਟ ਵੱਲੋਂ ਮੁੱਖ ਸੂਚਨਾ ਕਮਿਸ਼ਨਰ ਦੇ ਉਸ ਹੁਕਮ ਨੂੰ ਰੱਦ ਕਰਨ ਤੋਂ ਬਾਅਦ ਕੀਤੀਆਂ, ਜਿਸ ਵਿੱਚ ਗੁਜਰਾਤ ਯੂਨੀਵਰਸਿਟੀ (ਜੀਯੂ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ ਸੀ। ਸ਼ਿਕਾਇਤਕਰਤਾ ਦੇ ਅਨੁਸਾਰ, ਦੋਵਾਂ ਨੇ ਪ੍ਰੈਸ ਕਾਨਫਰੰਸ ਅਤੇ ਟਵਿੱਟਰ ਹੈਂਡਲ 'ਤੇ ਪੀਐਮ ਮੋਦੀ ਦੀ ਡਿਗਰੀ ਨੂੰ ਲੈ ਕੇ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ 'ਅਪਮਾਨਜਨਕ' ਬਿਆਨ ਦਿੱਤੇ। ਸ਼ਿਕਾਇਤਕਰਤਾ ਨੇ ਕਿਹਾ ਕਿ ਗੁਜਰਾਤ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦੀਆਂ ਟਿੱਪਣੀਆਂ ਮਾਣਹਾਨੀ ਵਾਲੀਆਂ ਹਨ ਅਤੇ ਸੰਸਥਾ ਦੀ ਸਾਖ ਨੂੰ ਠੇਸ ਪਹੁੰਚਾਉਂਦੀਆਂ ਹਨ। ਜਿਸ ਨੇ ਲੋਕਾਂ ਵਿੱਚ ਆਪਣਾ ਨਾਮ ਸਥਾਪਿਤ ਕੀਤਾ ਹੈ।