ਏਰਨਾਕੁਲਮ:ਰਾਸ਼ਟਰੀ ਜਾਂਚ ਏਜੰਸੀ (NIA) ਨੇ ਅਦਾਲਤ ਨੂੰ ਦੱਸਿਆ ਕਿ ਹੁਣ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ (PFI) ਦਾ ਇੱਕ ਗੁਪਤ ਵਿੰਗ ਹੈ ਜੋ ਨੌਜਵਾਨਾਂ ਨੂੰ ਖਾੜਕੂਵਾਦ ਵਿੱਚ ਭਰਤੀ ਕਰਦਾ ਹੈ। ਇਸ ਵਿੱਚ ਹੋਰ ਭਾਈਚਾਰਿਆਂ ਦੇ ਮੈਂਬਰ ਵੀ ਸ਼ਾਮਲ ਹਨ। ਅਦਾਲਤ ਦੇ ਸਾਹਮਣੇ ਐਨਆਈਏ ਨੇ ਗ੍ਰਿਫ਼ਤਾਰ ਪੀਐਫਆਈ ਆਗੂਆਂ ਦੇ ਰਿਮਾਂਡ ਦੀ ਮਿਆਦ ਵਧਾਉਣ ਦੀ ਅਪੀਲ ਕੀਤੀ ਹੈ। ਇਸ ਅਪੀਲ 'ਚ ਸੁਰੱਖਿਆ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਤੱਕ ਚੱਲੀ ਜਾਂਚ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। PFI ਦਾ ਇਹ ਗੁਪਤ ਵਿੰਗ ਦੂਜੇ ਧਰਮਾਂ ਦੇ ਲੋਕਾਂ ਦੀ ਹਿੱਟ ਲਿਸਟ ਬਣਾਉਣ ਲਈ ਜ਼ਿੰਮੇਵਾਰ ਸੀ ਅਤੇ ਇਹ PFI ਦਫਤਰਾਂ ਦੇ ਬਾਹਰ ਕੰਮ ਕਰਦਾ ਸੀ।
ਏਜੰਸੀ ਨੇ ਕਿਹਾ ਕਿ ਉਸ ਨੂੰ ਆਈਐਸਆਈਐਸ ਨਾਲ ਪੀਐਫਆਈ ਦੇ ਸਬੰਧ ਨੂੰ ਸਾਬਤ ਕਰਨ ਲਈ ਸਬੂਤ ਵੀ ਮਿਲੇ ਹਨ ਅਤੇ ਅੰਤਰਰਾਸ਼ਟਰੀ ਅੱਤਵਾਦੀ ਸੰਗਠਨਾਂ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਹੋਰ ਜਾਂਚ ਜਾਰੀ ਹੈ। ਰਿਮਾਂਡ ਵਧਾਉਣ ਦੀ ਪਟੀਸ਼ਨ 'ਤੇ ਗੌਰ ਕਰਦਿਆਂ ਐਨਆਈਏ ਅਦਾਲਤ ਨੇ ਮੁਲਜ਼ਮਾਂ ਦੇ ਰਿਮਾਂਡ ਵਿੱਚ 90 ਦਿਨਾਂ ਦਾ ਵਾਧਾ ਕਰ ਦਿੱਤਾ ਹੈ। ਐਨਆਈਏ ਦੀ ਹੀ ਪਹਿਲੀ ਰਿਮਾਂਡ ਪਟੀਸ਼ਨ ਵਿੱਚ ਜਥੇਬੰਦੀ ਅਤੇ ਇਸ ਦੇ ਆਗੂਆਂ ਖ਼ਿਲਾਫ਼ ਬਹੁਤ ਗੰਭੀਰ ਦੋਸ਼ ਲਾਏ ਗਏ ਸਨ।