ਨਵੀਂ ਦਿੱਲੀ : ਟੋਕੀਓ ਓਲੰਪਿਕਸ ਵਿੱਚ ਇਤਿਹਾਸ ਰਚਣ ਤੋਂ ਬਾਅਦ ਭਾਰਤੀ ਟੀਮ ਦੇ ਸਾਰੇ ਖਿਡਾਰੀ ਅੱਜ ਨਵੀਂ ਦਿੱਲੀ ਪਹੁੰਚੇ। ਸੋਮਵਾਰ ਨੂੰ ਰਾਜਧਾਨੀ ਵਿੱਚ ਸੱਤ ਤਮਗਾ ਜੇਤੂਆਂ ਅਤੇ ਹੋਰਨਾਂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਸ਼ਾਮ 6.30 ਵਜੇ ਇੱਕ ਸਨਮਾਨ ਸਮਾਰੋਹ ਵੀ ਆਯੋਜਿਤ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਕੋਰੋਨਾ ਸੰਕਟ ਦੌਰਾਨ ਹੋਈਆਂ ਟੋਕੀਓ ਓਲੰਪਿਕਸ ਵਿੱਚ ਭਾਰਤ ਨੇ ਇਤਿਹਾਸ ਰਚਿਆ ਹੈ। ਇਸ ਵਾਰ ਭਾਰਤ ਨੂੰ 7 ਮੈਡਲ ਮਿਲੇ ਹਨ, ਜੋ ਕਿ ਕਿਸੇ ਵੀ ਓਲੰਪਿਕ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਇਨ੍ਹਾਂ ਵਿੱਚ ਇੱਕ ਸੋਨ ਤਮਗਾ, ਦੋ ਚਾਂਦੀ ਦੇ ਤਮਗੇ ਅਤੇ ਚਾਰ ਕਾਂਸੀ ਦੇ ਤਮਗੇ ਸ਼ਾਮਲ ਹਨ।
ਭਾਰਤੀ ਪੁਰਸ਼ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ, ਜਦੋਂ ਕਿ ਮਹਿਲਾ ਹਾਕੀ ਟੀਮ ਚੌਥੇ ਸਥਾਨ 'ਤੇ ਰਹੀ। ਦੋਹਾਂ ਟੀਮਾਂ ਨੇ ਆਪਣੇ ਪ੍ਰਦਰਸ਼ਨ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ। 41 ਸਾਲਾਂ ਬਾਅਦ ਪੁਰਸ਼ ਹਾਕੀ ਟੀਮ ਨੇ ਓਲੰਪਿਕ ਤਮਗਾ ਆਪਣੀ ਝੋਲੀ ਵਿੱਚ ਪਾ ਕੇ ਦੇਸ਼ ਦਾ ਮਾਣ ਵਧਾਇਆ। ਜਦੋਂ ਕਿ ਮਹਿਲਾ ਟੀਮ ਭਾਵੇਂ ਮੈਡਲ ਤੋਂ ਖੁੰਝ ਗਈ, ਪਰ ਆਪਣੀ ਖੇਡ ਅਤੇ ਜਨੂੰਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਦੇ ਨਾਲ ਹੀ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ ਦੇਸ਼ ਲਈ ਸੋਨਾ ਤਮਗਾ ਲਿਆਂਦਾ ਹੈ।