ਚੰਡੀਗੜ੍ਹ:ਹਰਿਆਣਾ ਭਾਜਪਾ ਪ੍ਰਧਾਨ ਓ ਪੀ ਧਨਖੜ ਨੇ ਕਿਸਾਨੀ ਅੰਦੋਲਨ ‘ਤੇ ਵੱਡਾ ਇਲਜਾਮ ਲਗਾਇਆ ਹੈ। ਉਨ੍ਹਾਂ ਇੱਕ ਬਿਆਨ ਵਿੱਚ ਹਰਿਆਣਾ ਵਿੱਚ ਨਸ਼ਾ ਵਧਣ (Drugs) ਦੀ ਗੱਲ ਕਹਿੰਦਿਆਂ ਇਸ ਨੂੰ ਅੰਦੋਲਨ (Agitation) ਦਾ ਸਾਈਡ ਇਫੈਕਟ ਦੱਸਿਆ ਹੈ। ਭਾਜਪਾ ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਸੋਨੀਪਤ, ਝੱਜਰ ਤੇ ਰੋਹਤਕ ਜਿਲ੍ਹੇ ਵਿੱਚ ਡਰੱਗਜ਼ ਦਾ ਪ੍ਰਭਾਵ ਵਧਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹ ਅੰਦੋਲਨ ਦਾ ਸਾਈਡ ਇਫੈਕਟ ਹੈ।
ਰੋਜਾਨਾ ਪੰਚਾਇਤਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਤੇ ਲੋਕਾਂ ਦੀ ਸ਼ਿਕਾਇਤਾਂ ਵੀ ਆ ਰਹੀਆਂ ਹਨ। ਧਨਖੜ ਨੇ ਕਿਸਾਨ ਅੰਦੋਲਨ ‘ਤੇ ਇਹ ਦੋਸ਼ ਇੱਕ ਟਵੀਟ ਰਾਹੀਂ ਲਗਾਇਆ ਹੈ ਤੇ ਇਸ ਟਵੀਟ ਨੂੰ ਬਕਾਇਦਾ ਦੋ ਟੈਗ ਲਗਾਏ ਹਨ, ਜਿਸ ਵਿੱਚ ਉਨ੍ਹਾਂ ਪੰਜਾਬ ਨੂੰ ਉਡਤਾ ਪੰਜਾਬ ਦੱਸਿਆ ਹੈ ਤੇ ਨਾਲ ਹੀ ਕਿਹਾ ਹੈ ਕਿ ਉਡਤਾ ਪੰਜਾਬ ਨਾਲ ਹਰਿਆਣਾ ਵਿੱਚ ਦੰਗਲ ਹੋ ਰਿਹਾ ਹੈ।
ਇਹ ਵੀ ਪੜੋ: ਭਾਜਪਾ ਆਗੂ ਦੇ ਬਿਆਨ ਤੋਂ ਬਾਅਦ ਕਿਸਾਨਾਂ ਦੇ ਦਿੱਤੇ ਠੋਕਵੇਂ ਜਵਾਬ
ਕਾਂਗਰਸ ਨੇ ਖੱਟਰ ਕੋਲੋਂ ਮਾਫੀ ਦੀ ਮੰਗ ਕੀਤੀ
ਧਨਖੜ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸੀ ਵਿਧਾਇਕ (Congress MLA) ਰਾਜ ਕੁਮਾਰ ਵੇਰਕਾ (Raj Kumar Verka) ਨੇ ਕਿਹਾ ਹੈ ਕਿ ਪਤਾ ਨਹੀਂ ਹਰਿਆਣਾ ਦੇ ਭਾਜਪਾ ਵਾਲਿਆਂ ਨੂੰ ਕੀ ਹੋ ਗਿਆ ਹੈ। ਉਨ੍ਹਾਂ ਕਿਹਾ, ‘ਕਹੀਏ ਕੁਛ ਔਰ, ਚੋਰੋਂ ਕੋ ਸਾਰੇ ਨਜ਼ਰ ਆਤੇ ਹੈਂ ਚੋਰ‘। ਉਨ੍ਹਾਂ ਕਿਹਾ ਕਿ ਆਪਣਾ ਸੂਬਾ ਉਨ੍ਹਾਂ ਕੋਲੋਂ ਸੰਭਾਲਿਆ ਨਹੀਂ ਜਾਂਦਾ।
ਉਨ੍ਹਾਂ ਕਿਹਾ ਭਾਜਪਾ ਆਗੂ ਖੇਤੀ ਕਾਨੂੰਨਾਂ (Farm Laws) ਦੇ ਦਲਾਲ ਹਨ ਤੇ ਦੇਸ਼ ਵਿੱਚ ਕਿਸਾਨਾਂ ਨੂੰ ਦਬਾਉਣਾ ਚਾਹੁੰਦੇ ਹਨ। ਦੇਸ਼ ਵਿੱਚ ਕਿਸਾਨੀ ਨੂੰ ਬਰਬਾਦ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾਈ ਕਦੇ ਕਿਸਾਨਾਂ ਨੂੰ ਖਾਲੀਸਤਾਨੀ ਦੱਸਦੇ ਹਨ, ਕਦੇ ਨਕਸਲਵਾਦੀ ਦੱਸਦੇ ਹਨ ਤੇ ਕਦੇ ਪਾਕਿਸਤਾਨ ਨਾਲ ਮਿਲੇ ਹੋਏ ਦੱਸਦੇ ਹਨ ਤੇ ਕਦੇ ਕਿਹਾ ਜਾਂਦਾ ਹੈ ਕਿ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਦੇਸ਼ ਦ੍ਰੋਹੀ (Anti Nation) ਦੱਸਿਆ ਜਾਂਦਾ ਹੈ। ਵੇਰਕਾ ਨੇ ਕਿਹਾ ਕਿ ਹਰਿਆਣਾ ਦੇ ਭਾਜਪਾ ਆਗੂਆਂ ਤੇ ਪ੍ਰਦੇਸ਼ ਪ੍ਰਧਾਨ ਨੂੰ ਸ਼ਰਮ ਕਰਨੀ ਚਾਹੀਦੀ ਹੈ ਤੇ ਇਸ ਬਿਆਨ ‘ਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਕਿਸਾਨਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ।