ਨਵੀਂ ਦਿੱਲੀ: ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿੱਚ ਬੈਠਕ ਖ਼ਤਮ ਹੋ ਗਈ ਹੈ ਅਤੇ ਇਹ ਬੈਠਕ ਹੁਣ ਤੱਕ ਦੀ ਸਭ ਤੋਂ ਛੋਟੀ ਬੈਠਕ ਸਾਬਿਤ ਹੋਈ ਹੈ। ਅਕਸਰ 6 ਤੋਂ 8 ਘੰਟੇ ਚੱਲਣ ਵਾਲੀਆਂ ਇਹ ਬੈਠਕਾਂ ਦੀ ਇਸ ਬੈਠਕ ਨੂੰ ਖ਼ਤਮ ਹੋਣ ਲਈ ਕੇਵਲ 2 ਘੰਟੇ ਦਾ ਸਮਾਂ ਲੱਗਿਆ। ਇਹ ਬੈਠਕ 2 ਵਜੇ ਸ਼ੁਰੂ ਹੋਣੀ ਤੈਅ ਹੋਈ ਸੀ ਪਰ ਕੇਂਦਰ ਸਰਕਾਰ ਦੇ ਮੰਤਰੀ ਪੌਣਾ ਘੰਟਾ ਦੇਰੀ ਨਾਲ ਪੁੱਜੇ ਅਤੇ ਉਸ ਤੋਂ ਬਾਅਦ ਕਾਨੂੰਨ ਰੱਦ ਨਾ ਹੋਣ ਦੀ ਗੱਲ ਸਰਕਾਰ ਵੱਲੋਂ ਕਹੀ ਗਈ ਜਿਸ ਤੋਂ ਬਾਅਦ ਤਲਖੀ ਭਰਿਆ ਮਾਹੌਲ ਬਣ ਗਿਆ। ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿੱਚ ਅਗਲੀ ਬੈਠਕ 15 ਜਨਵਰੀ ਨੂੰ ਹੋਵੇਗੀ ਅਤੇ ਕਿਸਾਨ ਆਗੂ ਉਸ ਤੋਂ ਪਹਿਲਾਂ ਆਪਣੀ ਬੈਠਕ ਕਰਨਗੇ।
ਇਸ ਬੈਠਕ ਤੋਂ ਬਾਅਦ ਈਟੀਵੀ ਭਾਰਤ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਅਤੇ ਕਿਸਾਨਾਂ ਵਿਚਕਾਰ 8 ਜਨਵਰੀ ਦੀ ਬੈਠਕ ਵੀ ਬੇਸਿੱਟਾ ਸਾਬਤ ਹੋਈ। ਕੇਂਦਰ ਸਰਕਾਰ ਦੇ ਮੰਤਰੀਆਂ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਕਈ ਵਰਗਾਂ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸਰਕਾਰ ਨੇ ਸਭ ਬਾਰੇ ਸੋਚਣਾ ਹੁੰਦਾ ਹੈ। ਇਹ ਕਾਨੂੰਨ ਰੱਦ ਨਹੀਂ ਹੋ ਸਕਦੇ ਜੇਕਰ ਕੋਈ ਹੋਰ ਪ੍ਰਪੋਜ਼ਲ ਕਿਸਾਨਾਂ ਕੋਲ ਹੈ ਤਾਂ ਉਹ ਲੈ ਕੇ ਆ ਸਕਦੇ ਹਨ। ਇਸ 'ਤੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਹੋਰ ਕੋਈ ਪ੍ਰਪੋਜ਼ਲ ਨਹੀਂ ਹੈ ਅਤੇ ਬੈਠਕ ਅੱਗੇ ਨਹੀਂ ਵੱਧ ਸਕੀ। ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿੱਚ ਅਗਲੀ ਬੈਠਕ 15 ਜਨਵਰੀ ਨੂੰ ਹੋਵੇਗੀ।