ਹੰਗਰੀ : ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਚੋਪੜਾ ਨੇ ਫਾਈਨਲ ਵਿੱਚ ਪਹੁੰਚਣ ਦੀ ਆਪਣੀ ਪਹਿਲੀ ਕੋਸ਼ਿਸ਼ ਵਿੱਚ ਸੀਜ਼ਨ ਦਾ ਸਰਵੋਤਮ 88.77 ਮੀਟਰ ਜੈਵਲਿਨ ਥ੍ਰੋਅਰ ਸੁੱਟਿਆ। ਨੀਰਜ ਹੁਣ 27 ਅਗਸਤ ਐਤਵਾਰ ਨੂੰ ਖੇਡੀ ਜਾਣ ਵਾਲੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਨ ਦੀ ਕੋਸ਼ਿਸ਼ ਕਰੇਗਾ।
2024 ਲਈ ਤਿਆਰੀ: ਪੈਰਿਸ ਓਲੰਪਿਕ ਲਈ ਵੀ ਕੁਆਲੀਫਾਈ ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਬੁਡਾਪੇਸਟ ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਫਾਈਨਲ ਲਈ ਕੁਆਲੀਫਾਈ ਕਰਨ ਦੇ ਨਾਲ ਪੈਰਿਸ ਓਲੰਪਿਕ 2024 ਲਈ ਕੁਆਲੀਫਾਈ ਕੀਤਾ। ਓਲੰਪਿਕ ਚੈਂਪੀਅਨ ਨੇ ਹੰਗਰੀ ਦੇ ਬੁਡਾਪੇਸਟ ਵਿੱਚ ਨੈਸ਼ਨਲ ਐਥਲੈਟਿਕਸ ਸੈਂਟਰ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਕੁਆਲੀਫਾਈ ਦੇ ਗਰੁੱਪ ਏ ਵਿੱਚ 17ਵੇਂ ਸਥਾਨ 'ਤੇ ਰਹਿਣ ਤੋਂ ਬਾਅਦ ਆਪਣੀ ਪਹਿਲੀ ਕੋਸ਼ਿਸ਼ ਵਿੱਚ ਸੀਜ਼ਨ ਦਾ ਸਰਵੋਤਮ 88.77 ਮੀਟਰ ਸੁੱਟਿਆ।
ਫਾਈਨਲ 'ਚ ਥਾਂ: ਚੋਪੜਾ ਦਾ ਥਰੋਅ 83.0 ਮੀਟਰ ਦੇ ਆਟੋਮੈਟਿਕ ਕੁਆਲੀਫਾਇੰਗ ਮਾਰਕ ਤੋਂ ਬਹੁਤ ਉੱਪਰ ਸੀ। ਨੀਲੀ ਭਾਰਤੀ ਜਰਸੀ ਪਾ ਕੇ ਨੀਰਜ ਆਪਣੇ ਜੈਵਲਿਨ ਨਾਲ ਪਿੱਚ 'ਤੇ ਆਇਆ ਅਤੇ ਫਾਈਨਲ ਵਿਚ ਜਗ੍ਹਾ ਬਣਾਉਣ ਲਈ ਇਸ ਨੂੰ ਪੀਲੀ ਲਾਈਨ ਦੇ ਪਾਰ ਸੁੱਟ ਦਿੱਤਾ। ਇਹ ਇਸ ਸੀਜ਼ਨ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵਧੀਆ ਥਰੋਅ ਹੈ। ਟੋਕੀਓ ਓਲੰਪਿਕ ਦੇ ਚਾਂਦੀ ਦਾ ਤਗਮਾ ਜੇਤੂ ਜੈਕਬ ਵਡਲੇਜ, ਜੋ ਸ਼ੁੱਕਰਵਾਰ ਨੂੰ ਕੁਆਲੀਫਾਇੰਗ ਦੇ ਗਰੁੱਪ ਬੀ ਵਿੱਚ ਐਕਸ਼ਨ ਵਿੱਚ ਹੈ ਉਸ ਨੇ ਸੀਜ਼ਨ ਦਾ ਸਰਵੋਤਮ 89.51 ਮੀਟਰ ਸੁੱਟਿਆ।
2022 'ਚ ਮਿਲੀ ਸੀ ਨਿਰਾਸ਼ਾ: ਚੋਪੜਾ 2022 ਵਿੱਚ ਸੋਨੇ ਦੇ ਮੈਡਲ ਤੋਂ ਖੁੰਝ ਗਏ ਸਨ ।ਖਾਸ ਤੌਰ 'ਤੇ, ਚੋਪੜਾ ਓਰੇਗਨ ਵਿੱਚ 2022 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਿਸੇ ਵੀ ਐਥਲੈਟਿਕਸ ਅਨੁਸ਼ਾਸਨ ਵਿੱਚ ਭਾਰਤ ਦੀ ਪਹਿਲੀ ਵਿਸ਼ਵ ਚੈਂਪੀਅਨ ਬਣਨ ਦੇ ਬਹੁਤ ਨੇੜੇ ਸੀ ਪਰ, ਉਸਨੂੰ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਤੋਂ ਬਾਅਦ ਦੂਜੇ ਸਥਾਨ 'ਤੇ ਰਹਿ ਕੇ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਹਾਲਾਂਕਿ, ਇਹ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਪਹਿਲਾ ਚਾਂਦੀ ਦਾ ਤਗਮਾ ਸੀ ਅਤੇ 2003 ਵਿੱਚ ਪੈਰਿਸ ਵਿੱਚ ਲੰਮੀ ਛਾਲ ਵਿੱਚ ਅੰਜੂ ਬੌਬੀ ਜਾਰਜ ਦੇ ਕਾਂਸੀ ਦੇ ਤਗਮੇ ਤੋਂ ਬਾਅਦ ਦੇਸ਼ ਦਾ ਦੂਜਾ ਤਮਗਾ ਸੀ।
ਇਤਿਹਾਸ ਰਚਣ ਲਈ ਤਿਆਰ ਨੀਰਜ: ਨੀਰਜ ਚੋਪੜਾ ਇਤਿਹਾਸ ਰਚਣ ਦੇ ਕਰੀਬ ਬਹੁਤ ਕਰੀਬ ਹੈ। 27 ਅਗਸਤ ਐਤਵਾਰ ਨੂੰ ਖੇਡੀ ਜਾਣ ਵਾਲੀ 2023 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱ ਜੇਕਰ ਚੋਪੜਾ ਨੇ ਐਤਵਾਰ ਨੂੰ ਸੋਨ ਤਗਮੇ 'ਤੇ ਕਬਜ਼ਾ ਕਰ ਲਿਆ ਤਾਂ ਉਹ ਓਲੰਪਿਕ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਦੋਵਾਂ 'ਚ ਸੋਨ ਤਮਗਾ ਜਿੱਤਣ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਜਾਣਗੇ। ਹੁਣ ਤੱਕ ਭਾਰਤ ਦੇ ਮਹਾਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਹੀ ਇਹ ਕਾਰਨਾਮਾ ਕਰ ਸਕੇ ਹਨ।