ਸ਼੍ਰੀਨਗਰ/ਚੰਡੀਗੜ੍ਹ : ਪੰਜਾਬ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਅੱਤਵਾਦ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਸ਼੍ਰੀਨਗਰ ਪਹੁੰਚੇ। ਇਸ ਮੌਕੇ ਰਵਨੀਤ ਬਿੱਟੂ ਨਾਲ ਜੰਮੂ ਤੇ ਕਸ਼ਮੀਰ ਦੇ ਸਥਾਨਕ ਆਗੂ ਸ੍ਰੀ ਸੁਰਿੰਦਰ ਸਿੰਘ ਚੰਨੀ ਵੀ ਮੌਜੂਦ ਸਨ, ਨੇ ਦੁਖੀ ਪਰਿਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਇਹ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਵਲੋਂ ਮਿੱਥ ਕੇ ਕੀਤੀਆਂ ਗਈਆਂ ਇਹ ਹੱਤਿਆਵਾਂ ਬਹੁਤ ਘਿਨਾਉਣੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਸ੍ਰੀਨਗਰ ਵਿੱਚ ਅੱਤਵਾਦੀਆਂ ਨੇ ਖਾਸ ਭਾਈਚਾਰਿਆਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਿਆਂ ਸਰਕਾਰੀ ਸਕੂਲ ਦੇ ਇੱਕ ਪ੍ਰਿੰਸੀਪਲ ਅਤੇ ਇੱਕ ਅਧਿਆਪਕ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅਧਿਆਪਕ ਦੀਪਕ ਚੰਦ ਜੰਮੂ ਦਾ ਰਹਿਣ ਵਾਲਾ ਹਿੰਦੂ ਸੀ ਅਤੇ ਪ੍ਰਿੰਸੀਪਲ ਸੁਪਿੰਦਰ ਕੌਰ ਸਿੱਖ ਭਾਈਚਾਰੇ ਨਾਲ ਸਬੰਧਤ ਸੀ।
ਉਨ੍ਹਾਂ ਅੱਗੇ ਕਿਹਾ ਕਿ ਅਫਗਾਨਿਸਤਾਨ ਵਿੱਚ ਵਾਪਰਿਆ ਹਾਲੀਆ ਘਟਨਾਕ੍ਰਮ, ਭਾਰਤ ਖਾਸ ਕਰਕੇ ਜੰਮੂ ਤੇ ਕਸ਼ਮੀਰ ਅਤੇ ਪੰਜਾਬ ਦੀ ਸ਼ਾਂਤੀ ਲਈ ਵੱਡਾ ਖਤਰਾ ਹੈ ਜਿਨ੍ਹਾਂ ਦੀ ਪਾਕਿਸਤਾਨ ਨਾਲ ਸਰਹੱਦ ਲੱਗਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਫਗਾਨਿਸਤਾਨ ਵਿੱਚ ਸਿਆਸੀ ਉਥਲ-ਪੁਥਲ ਕਾਰਨ ਪਾਕਿ ਦੀ ਸ਼ਹਿ ਪ੍ਰਾਪਤ ਅੱਤਵਾਦੀ ਸਮੂਹ ਅਜਿਹੀਆਂ ਕਾਇਰਤਾਪੂਰਨ ਗਤੀਵਿਧੀਆਂ ਨਾਲ ਪੰਜਾਬ ਅਤੇ ਜੰਮੂ -ਕਸ਼ਮੀਰ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।