ਹੈਦਰਾਬਾਦ: ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਇੱਥੇ ਆਰਐਫਸੀ (ਰਾਮੋਜੀ ਫਿਲਮ ਸਿਟੀ) ਵਿਖੇ ਰਾਮੋਜੀ ਗਰੁੱਪ ਆਫ਼ ਕੰਪਨੀਜ਼ ਦੇ ਚੇਅਰਮੈਨ ਰਾਮੋਜੀ ਰਾਓ ਨਾਲ ਮੁਲਾਕਾਤ ਕੀਤੀ। ਐਕਸ (ਪਹਿਲਾਂ ਟਵਿੱਟਰ) 'ਤੇ ਆਪਣੀ ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਨੱਡਾ ਨੇ ਲਿਖਿਆ, 'ਰਾਮੋਜੀ ਰਾਓ ਇਕ ਦੂਰਦਰਸ਼ੀ ਹਨ ਅਤੇ ਮੀਡੀਆ ਅਤੇ ਸਿਨੇਮਾ ਦੇ ਖੇਤਰ ਵਿਚ ਉਨ੍ਹਾਂ ਦਾ ਕੰਮ ਪ੍ਰੇਰਨਾਦਾਇਕ ਹੈ।' ਨੱਡਾ ਨਾਲ ਮੁਲਾਕਾਤ ਦੌਰਾਨ ਸਾਬਕਾ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਵੀ ਮੌਜੂਦ ਸਨ।
ਜੇਪੀ ਨੱਡਾ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਸ਼ੁੱਕਰਵਾਰ ਨੂੰ ਹੈਦਰਾਬਾਦ ਆਏ ਸਨ। ਦੱਖਣ 'ਚ ਕਰਨਾਟਕ 'ਚ ਸੱਤਾ ਗੁਆ ਚੁੱਕੀ ਭਾਰਤੀ ਜਨਤਾ ਪਾਰਟੀ ਤੇਲੰਗਾਨਾ ਚੋਣਾਂ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਤਹਿਤ ਨੱਡਾ ਨੇ ਸੂਬੇ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਜੇਪੀ ਨੱਡਾ ਨੇ ਸ਼ੁੱਕਰਵਾਰ ਨੂੰ ਘਾਟਕੇਸਰ ਦੇ ਵੀਬੀਆਈਟੀ ਇੰਜਨੀਅਰਿੰਗ ਕਾਲਜ ਵਿੱਚ ਹੋਈ ਭਾਜਪਾ ਸੂਬਾ ਕੌਂਸਲ ਦੀ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਭਾਜਪਾ ਦੇ ਕੌਮੀ ਪ੍ਰਧਾਨ ਨੇ ਪਾਰਟੀ ਵਰਕਰਾਂ ਨੂੰ ਅਗਲੀਆਂ ਚੋਣਾਂ ਦੀਆਂ ਤਿਆਰੀਆਂ ਸਬੰਧੀ ਹਦਾਇਤਾਂ ਦਿੱਤੀਆਂ। ਉਨ੍ਹਾਂ ਸੁਝਾਅ ਦਿੱਤਾ ਕਿ ਪਾਰਟੀ ਆਗੂ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵੱਲੋਂ ਆਪਣੇ 9 ਸਾਲਾਂ ਦੇ ਸ਼ਾਸਨ ਦੌਰਾਨ ਕੀਤੇ ਵਿਕਾਸ ਬਾਰੇ ਦੱਸਣ।