ਹੈਦਰਾਬਾਦ: ਕੌਮਾਂਤਰੀ ਫ੍ਰੈਂਡਸ਼ਿਪ ਡੇਅ ਜਾਂ ਮਿੱਤਰਤਾ ਦਿਵਸ (International Friendship Day) ਹਰ ਸਾਲ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਦੇਸ਼ ਅਤੇ ਦੁਨੀਆ ਭਰ ਦੇ ਦੋਸਤਾਂ ਨੂੰ ਇੱਕ ਦੂਜੇ ਨਾਲ ਜੋੜੇ ਰੱਖਣਾ ਹੈ। ਇਸ ਵਾਰ ਕੌਮਾਂਤਰੀ ਫ੍ਰੈਂਡਸ਼ਿਪ ਡੇਅ 01 ਅਗਸਤ ਨੂੰ ਮਨਾਇਆ ਜਾ ਰਿਹਾ ਹੈ।
ਦੋਸਤੀ ਦੇ ਕਈ ਰੂਪ ਹੁੰਦੇ ਹਨ ਅਤੇ ਬਚਪਨ ਤੋਂ ਹੀ ਅਸੀਂ ਦੋਸਤੀ ਨੂੰ ਸਮਝਣ ਲਗਦੇ ਹਾਂ। ਸਾਡੀ ਜ਼ਿੰਦਗੀ 'ਚ ਦੋਸਤੀ ਤੇ ਇਸ ਦੇ ਮਤਲਬ 'ਚ ਬਦਲਾਅ ਆਉਂਦਾ ਰਹਿੰਦਾ ਹੈ। ਅਸੀਂ ਆਪਣੇ ਗੁਆਢੀਆਂ ਤੇ ਸਕੂਲ 'ਚ ਨਾਲ ਪੜ੍ਹਨ ਵਾਲਿਆਂ ਦੇ ਨਾਲ ਕਿੰਨੇ ਹੀ ਚੰਗੇ ਪਲ ਬਤੀਤ ਕੀਤੇ ਹਨ। ਕਈ ਵਾਰ ਅਸੀਂ ਉਨ੍ਹਾਂ ਤੋਂ ਦੂਰ ਹੁੰਦੇ ਹਾਂ ਅਤੇ ਸਾਨੂੰ ਨਵੇਂ ਲੋਕ ਮਿਲਦੇ ਹਨ। ਅਸੀਂ ਜ਼ਿੰਦਗੀ ਦੇ ਹਰ ਪੜਾਅ 'ਤੇ ਤਬਦੀਲੀ ਮਹਿਸੂਸ ਕਰਦੇ ਹਾਂ।
ਫ੍ਰੈਂਡਸ਼ਿਪ ਡੇਅ ਦਾ ਇਤਿਹਾਸ
ਫ੍ਰੈਂਡਸ਼ਿਪ ਡੇਅ ਅਸਲ ਵਿੱਚ ਸਾਲ 1930 ਵਿੱਚ ਹਾਲਮਾਰਕ ਕਾਰਡ ਕੰਪਨੀ ਲਈ ਇੱਕ ਮਾਰਕੀਟਿੰਗ ਰਣਨੀਤੀ ਸੀ। ਇਸ ਦੇ ਸੰਸਥਾਪਕ ਜੌਇਸ ਹਾਲ ਨੇ 2 ਅਗਸਤ ਦਾ ਦਿਨ ਆਪਣੇ ਨੇੜਲੇ ਲੋਕਾਂ ਨਾਲ ਮਨਾਉਣ ਦਾ ਫੈਸਲਾ ਕੀਤਾ। ਇਸ ਦਿਨ ਇੱਕ ਦੂਜੇ ਨੂੰ ਕਾਰਡ ਦੇਣ ਦਾ ਫੈਸਲਾ ਵੀ ਕੀਤਾ ਗਿਆ ਸੀ। ਸਾਲ 1935 ਵਿੱਚ, ਯੂਐਸ ਕਾਂਗਰਸ ਨੇ ਅਗਸਤ ਦੇ ਪਹਿਲੇ ਐਤਵਾਰ ਨੂੰ ਦੋਸਤੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ।
ਫ੍ਰੈਂਡਸ਼ਿਪ ਡੇਅ ਦਾ ਮਹੱਤਵ
- ਫ੍ਰੈਂਡਸ਼ਿਪ ਡੇਅ ਵਾਲੇ ਦਿਨ ਦੋਸਤੀ ਦਾ ਖ਼ਾਸ ਮਹੱਤਵ ਵੇਖਣ ਨੂੰ ਮਿਲਦਾ ਹੈ।
- ਇਸ ਦਿਨ ਦਾ ਮੁਖ ਉਦੇਸ਼ ਲੋਕਾਂ ਵਿਚਾਲੇ ਪਿਆਰ, ਆਪਸੀ ਭਾਈਚਾਰਾ ਅਤੇ ਸ਼ਾਤੀਂ ਨੂੰ ਹੁੰਗਾਰਾ ਦੇਣਾ ਹੈ।
- ਦੋਸਤ ਉਹ ਹੁੰਦੇ ਹਨ ਜਿਨ੍ਹਾਂ ਦੇ ਨਾਲ ਲੋਕ ਆਪਣਾ ਦੁੱਖ-ਸੁਖ ਸਾਂਝਾ ਕਰਦੇ ਹਨ।
- ਦੋਸਤ ਸਾਨੂੰ ਜ਼ਿੰਦਗੀ ਸਮਝਣ ਤੇ ਜ਼ਿੰਦਗੀ ਵਿੱਚ ਆਉਣ ਵਾਲੇ ਉਤਾਰ-ਚੜ੍ਹਾਅ ਨੂੰ ਪਾਰ ਕਰਨ 'ਚ ਮਦਦ ਕਰਦੇ ਹਨ।
- ਕਈ ਵਾਰ ਦੋਸਤਾਂ ਤੋਂ ਬਿਨਾਂ ਲੋਕ ਖ਼ੁਦ ਨੂੰ ਹਾਰਿਆ ਹੋਇਆ ਅਤੇ ਇੱਕਲਾ ਮਹਿਸੂਸ ਕਰਦੇ ਹਨ।
- ਦੋਸਤ ਸਾਡੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਂਦੇ ਹਨ।
ਲੋਕਾਂ ਵਿੱਚ ਦੋਸਤੀ ਨੂੰ ਆਦਰ, ਦੇਖਭਾਲ, ਕਦਰ, ਚਿੰਤਾ ਅਤੇ ਪਿਆਰ ਦੀਆਂ ਭਾਵਨਾਵਾਂ ਰਾਹੀਂ ਸਮਝਿਆ ਜਾ ਸਕਦਾ ਹੈ। ਦੋਸਤੀ ਦੀ ਪਰਿਭਾਸ਼ਾ ਨਹੀਂ ਦਿੱਤੀ ਜਾ ਸਕਦੀ, ਇਸੇ ਕਾਰਨ ਦੋਸਤਾਂ ਦਾ ਸਨਮਾਨ ਕਰਨ ਲਈ ਫ੍ਰੈਂਡਸ਼ਿਪ ਡੇਅ ਨੂੰ ਇੱਕ ਵਿਸ਼ੇਸ਼ ਦਿਨ ਵਜੋਂ ਮਨਾਇਆ ਜਾਂਦਾ ਹੈ, ਦੋਸਤ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਣ ਹਿੱਸਾ ਹਨ।
ਕੋਵਿਡ-19 ਵਿਚਾਲੇ ਫ੍ਰੈਂਡਸ਼ਿਪ ਡੇਅ
ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਇਸ ਦਿਨ ਦਾ ਜਸ਼ਨ ਸੋਸ਼ਲ ਡਿਸਟੈਂਸਿੰਗ ਅਤੇ ਹੋਰਨਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਮਨਾਇਆ ਜਾ ਰਿਹਾ ਹੈ। ਇਸ ਸਾਲ ਦੋਸਤੀ ਦਾ ਦਿਨ ਹੋਰ ਵੀ ਖ਼ਾਸ ਹੈ, ਕਿਉਂਕਿ ਦੋਸਤੀ ਵਿੱਚ ਦੂਰੀ ਕੋਈ ਮਾਇਨੇ ਨਹੀਂ ਰੱਖਦੀ। ਉਹ ਲੋਕ ਜੋ ਕੋਰੋਨਾ ਵਾਇਰਸ ਕਾਰਨ ਆਪਣੇ ਦੋਸਤਾਂ ਤੋਂ ਦੂਰ ਹਨ, ਉਹ ਇੱਕ ਦੂਜੇ ਨੂੰ ਸੁੰਦਰ ਕਾਰਡ, ਸੰਦੇਸ਼, ਸ਼ੁੱਭਕਾਮਨਾਵਾਂ ਅਤੇ ਤੋਹਫ਼ੇ ਭੇਜ ਕੇ ਇਸ ਦਿਨ ਦਾ ਜਸ਼ਨ ਮਨਾ ਸਕਦੇ ਹਨ।