ਹੈਦਰਾਬਾਦ ਡੈਸਕ: ਪਾਕਿਸਤਾਨ ਵੱਲੋਂ ਲਗਾਤਾਰ ਡਰੋਨ ਜ਼ਰੀਏ ਭਾਰਤੀ ਸਰਹੱਦ ਅੰਦਰ ਪੰਜਾਬ ਵਿੱਚ ਘੁਸਪੈਠ ਕੀਤੀ ਜਾਂਦੀ ਹੈ। ਡਰੋਨ ਜ਼ਰੀਏ ਨਸ਼ਾ ਤਸਕਰ ਪਾਕਿਸਤਾਨ ਤੋਂ ਪੰਜਾਬ ਅੰਦਰ ਨਸ਼ਾ ਸਪਲਾਈ ਕਰਦੇ ਹਨ। ਆਏ ਦਿਨ ਪੰਜਾਬ ਦੀ ਸਰਹੱਦ ਨੇੜੇ ਲੱਗਦੇ ਪਿੰਡਾਂ ਚੋਂ ਡਰੋਨ ਤੇ ਨਸ਼ਾ ਸਮਗਰੀ ਬਰਾਮਦ ਕੀਤੀ ਜਾਂਦੀ ਹੈ। ਬੀਐਸਐਫ ਦੇ ਜਵਾਨਾਂ ਵਲੋਂ ਜਿੱਥੇ ਸਰਹੱਦ ਉੱਤੇ ਪੈਨੀ ਨਜ਼ਰ ਬਣਾ ਕੇ ਰੱਖੀ ਗਈ ਹੈ, ਉੱਥੇ ਹੀ ਸਮੇਂ-ਸਮੇਂ ਉੱਤੇ ਪੰਜਾਬ ਪੁਲਿਸ ਵਲੋਂ ਵੀ ਬੀਐਸਐਫ ਜਵਾਨਾਂ ਨਾਲ ਮਿਲ ਕੇ ਸਾਂਝਾ ਸਰਚ ਅਭਿਆਨ ਚਲਾ ਕੇ ਪਾਕਿਸਤਾਨ ਦੇ ਨਸ਼ਾ ਤਸਕਰਾਂ ਦੇ ਮਨਸੂਬਿਆਂ ਨੂੰ ਅਸਫ਼ਲ ਕੀਤਾ ਹੈ।
ਪਾਕਿਸਤਾਨ ਦੇ ਪੀਐਮ ਦੇ ਸਲਾਹਕਾਰ ਦਾ ਵੱਡਾ ਕਬੂਲਨਾਮਾ : ਪ੍ਰਧਾਨ ਮੰਤਰੀ ਸ਼ਾਹਬਾਜ਼ ਨੂੰ ਰੱਖਿਆ ਮਾਮਲਿਆਂ 'ਤੇ ਸਲਾਹ ਦੇਣ ਵਾਲੇ ਮਲਿਕ ਮੁਹੰਮਦ ਅਹਿਮਦ ਖਾਨ ਨੇ ਭਾਰਤ ਦੇ ਪੰਜਾਬ ਨਾਲ ਲੱਗਦੇ ਕਸੂਰ ਸ਼ਹਿਰ 'ਚ ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨੂੰ ਇੰਟਰਵਿਊ ਦਿੱਤੀ। ਇਸ ਦਾ ਵੀਡੀਓ ਮੀਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ।
ਇਸ ਵੀਡੀਓ ਵਿੱਚ ਮਲਿਕ ਮੁਹੰਮਦ ਅਹਿਮਦ ਖਾਨ ਕਿਹਾ ਹੈ ਕਿ ਇਹ ਇੱਕ ਖੌਫ਼ਨਾਕ ਤੱਥ ਹੈ ਕਿ, "ਪਾਕਿਸਤਾਨ ਤੋਂ ਤਸਕਰ ਡਰੋਨ ਸਮੇਤ ਵੱਖ-ਵੱਖ ਤਰੀਕਿਆਂ ਰਾਹੀਂ ਭਾਰਤ ਵਿੱਚ ਨਸ਼ੀਲੇ ਪਦਾਰਥ ਭੇਜ ਰਹੇ ਹਨ। ਖਾਨ ਨੇ ਕਿਹਾ, ਹਾਲ ਹੀ ਵਿੱਚ ਦੋ ਘਟਨਾਵਾਂ ਸਾਹਮਣੇ ਆਈਆਂ ਹਨ, ਜਦੋਂ ਡਰੋਨ ਨਾਲ ਲਗਭਗ 10 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।"
ਇੱਕਲੇ ਫਿਰੋਜ਼ਪੁਰ 'ਚ 795 ਐਫਆਈਆਰ ਦਰਜ :ਪੰਜਾਬ ਪੁਲਿਸ ਅਨੁਸਾਰ ਇਕੱਲੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਜੁਲਾਈ 2022 ਤੋਂ 2023 ਤੱਕ ਐਨਡੀਪੀਐਸ ਐਕਟ ਤਹਿਤ 795 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬੀਐਸਐਫ ਵੱਲੋਂ ਜਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਾਕਿਸਤਾਨ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਨਸ਼ੀਲੇ ਪਦਾਰਥ ਫੜੇ ਜਾਂਦੇ ਹਨ। ਪਾਕਿਸਤਾਨ ਤੋਂ ਨਸ਼ਿਆਂ ਤੋਂ ਇਲਾਵਾ ਹਥਿਆਰਾਂ ਦੀ ਵੀ ਤਸਕਰੀ ਹੋ ਰਹੀ ਹੈ। ਬੀਐਸਐਫ ਨੇ ਇਸ ਸਾਲ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚੋਂ ਹੁਣ ਤੱਕ 260 ਕਿਲੋ ਹੈਰੋਇਨ, 19 ਹਥਿਆਰ, 30 ਮੈਗਜ਼ੀਨ, 470 ਰਾਊਂਡ ਗੋਲੀਆਂ ਅਤੇ 30 ਡਰੋਨ ਬਰਾਮਦ ਕੀਤੇ ਹਨ।
16,360 ਨਸ਼ਾ ਤਸਕਰ ਗ੍ਰਿਫਤਾਰ : ਇਸ ਸਾਲ ਜੁਲਾਈ ਮਹੀਨੇ, IGP ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਕਰਦਿਆ ਖੁਲਾਸਾ ਕੀਤਾ ਕਿ ਪਿਛਲੇ ਸਾਲ, ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਨਾਲ ਪੰਜਾਬ ਵਿੱਚ 51 ਡਰੋਨਾਂ ਨੂੰ ਮਾਰਿਆ ਗਿਆ ਹੈ, ਕਿਉਂਕਿ ਸੁਰੱਖਿਆ ਏਜੰਸੀਆਂ ਡਰੱਗ ਅਤੇ ਹਥਿਆਰਾਂ ਦੀ ਤਸਕਰੀ ਦਾ ਮੁਕਾਬਲਾ ਕਰਦੀਆਂ ਹਨ। ਪੰਜਾਬ ਪੁਲਿਸ ਨੇ ਹਥਿਆਰ, ਵਿਸਫੋਟਕ ਅਤੇ ਨਸ਼ੀਲੇ ਪਦਾਰਥ ਬਰਾਮਦ ਕਰਕੇ 143 ਅੱਤਵਾਦੀਆਂ ਅਤੇ ਕੱਟੜਪੰਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ 16,360 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 26.72 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਗੈਂਗਸਟਰ ਵਿਰੋਧੀ ਟਾਸਕ ਫੋਰਸ ਨੇ 208 ਅਪਰਾਧਿਕ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ 688 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ।
11 ਮਹੀਨਿਆਂ 'ਚ ਨਸ਼ਾ ਬਰਾਮਦ, ਮੁਲਜ਼ਮ ਗ੍ਰਿਫਤਾਰ:ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਸੀ ਕਿ (5 ਜੁਲਾਈ, 2022 ਤੋਂ 16 ਜੁਲਾਈ, 2023 ਤੱਕ) ਪਿਛਲੇ 11 ਮਹੀਨਿਆਂ ਦੌਰਾਨ ਪੰਜਾਬ ਵਿੱਚ ਨਸ਼ਿਆਂ ਦੇ ਕੁੱਲ 11,147 ਕੇਸ ਦਰਜ ਹੋਏ ਹਨ। ਇਨ੍ਹਾਂ ਵਿੱਚੋਂ ਕੁੱਲ 14,952 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਵਪਾਰਕ ਮਾਤਰਾ ਦੇ 1313 ਕੇਸ ਦਰਜ ਕਰਕੇ 2132 ਵੱਡੇ ਤਸਕਰਾਂ ਨੂੰ ਕਾਬੂ ਕੀਤਾ ਗਿਆ। ਦਰਮਿਆਨੀ ਮਾਤਰਾ ਦੇ 8419 ਅਤੇ ਛੋਟੀ ਮਾਤਰਾ ਦੇ 1411 ਮਾਮਲੇ ਦਰਜ ਕੀਤੇ ਗਏ ਹਨ। ਨੇ ਦੱਸਿਆ ਕਿ ਸਭ ਤੋਂ ਵੱਧ ਕੇਸ ਫਿਰੋਜ਼ਪੁਰ, ਫਿਰ ਪਟਿਆਲਾ ਅਤੇ ਤੀਜੇ ਅੰਮ੍ਰਿਤਸਰ ਕਮਿਸ਼ਨਰੇਟ ਵਿੱਚ ਦਰਜ ਹੋਏ ਹਨ। ਵਪਾਰਕ ਮਾਤਰਾ ਦੇ ਸਭ ਤੋਂ ਵੱਧ ਮਾਮਲੇ ਪਟਿਆਲਾ ਵਿੱਚ 106, ਐਸਏਐਸ ਨਗਰ ਵਿੱਚ 90 ਅਤੇ ਤਰਨਤਾਰਨ ਵਿੱਚ 74 ਦਰਜ ਕੀਤੇ ਗਏ ਹਨ।