ਨਵੀਂ ਦਿੱਲੀ: ਡੀਜ਼ੀਟਲ ਢੰਗ ਨਾਲ ਹੋ ਰਹੇ ਸੂਬਿਆਂ ਦੇ ਡੀਜੀਪੀ ਅਤੇ ਆਈਜੀਪੀ ਦੇ 55ਵੇਂ ਸਾਲਾਨਾ ਸੰਮੇਲਨ ਦੇ ਦੂਜੇ ਦਿਨ ਗ੍ਰਹਿ ਮੰਤਰੀ ਅਮਿਤ ਸਾਹ ਨੇ ਚੇਤਾਵਨੀ ਦਿੱਤੀ ਹੈ। ਅਮਿਤ ਸ਼ਾਹ ਨੇ ਕਿਹਾ ਹੈ ਕਿ ਦੇਸ਼ ਨੂੰ ਬਾਹਰਲੀਆਂ ਤਾਕਤਾਂ ਦੇ ਨਾਲ ਨਾਲ ਅੰਦਰੂਨੀ ਤਾਕਤਾਂ ਦਾ ਖ਼ਤਰਾ ਵੀ ਵੱਧ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੁਲਿਸ ਪ੍ਰਮੁੱਖਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।
ਗ੍ਰਹਿ ਮੰਤਰੀ ਨੇ ਹਦਾਇਤ ਕੀਤੀ ਕਿ ਰਾਸ਼ਟਰੀ ਸੁਰੱਖਿਆ ’ਚ ਸੁਰੱਖਿਆ ਏਜੰਸੀਆਂ ਦੀ ਪਹੁੰਚ ਆਪਸੀ ਤਾਲਮੇਲ ਨਾਲ ਭਰਪੂਰ ਹੋਣੀ ਚਾਹੀਦੀ ਹੈ ਅਤੇ ਭਾਰਤ ਨੂੰ ਵਿਕਸਤ ਅਤੇ ਸੁਰੱਖਿਅਤ ਦੇਸ਼ ਬਣਾਉਣ ਦਾ ਟੀਚਾ ਹਾਸਲ ਕਰਨ ਲਈ ਕੰਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੱਬੇਪੱਖੀ ਅੱਤਵਾਦ ਦੇ ਖ਼ਤਰੇ ਨੂੰ ਰੋਕਣ ਲਈ ਰਾਜਾਂ ਨਾਲ ਮਿਲ ਕੇ ਇੱਕਜੁਟ ਕਾਰਵਾਈ ਕਰਨੀ ਚਾਹੀਦੀ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਵਿੱਚ ਉੱਭਰੀਆਂ ਖੱਬੀਆਂ ਧਿਰਾਂ ਨੂੰ ਕੇਂਦਰ ਸਰਕਾਰ ਖਤਰੇ ਵਜੋਂ ਵੇਖ ਰਹੀ ਸੀ।