ਨਵੀਂ ਦਿੱਲੀ:ਦਿੱਲੀ ਸ਼ਰਾਬ ਘੁਟਾਲੇ 'ਚ ਜੇਲ੍ਹ 'ਚ ਬੰਦ ਸਾਬਕਾ ਡਿਪਟੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਬੁੱਧਵਾਰ ਨੂੰ ਰੌਸ ਐਵੇਨਿਊ ਕੋਰਟ ਨੇ ਫੈਸਲਾ 28 ਅਪ੍ਰੈਲ ਤੱਕ ਟਾਲ ਦਿੱਤਾ। ਈਡੀ ਮਾਮਲੇ 'ਚ ਅਦਾਲਤ ਨੇ 18 ਅਪ੍ਰੈਲ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਬਹਿਸ ਦੌਰਾਨ ਈਡੀ ਨੇ ਸਿਸੋਦੀਆ ਖ਼ਿਲਾਫ਼ ਈਮੇਲ ਨਾਲ ਸਬੰਧਤ ਨਵੇਂ ਸਬੂਤ ਵੀ ਪੇਸ਼ ਕੀਤੇ। ਸੋਮਵਾਰ ਨੂੰ ਹੀ ਅਦਾਲਤ ਨੇ ਈਡੀ ਮਾਮਲੇ ਵਿੱਚ ਸਿਸੋਦੀਆ ਦੀ ਨਿਆਂਇਕ ਹਿਰਾਸਤ 29 ਅਪ੍ਰੈਲ ਤੱਕ ਅਤੇ ਸੀਬੀਆਈ ਮਾਮਲੇ ਵਿੱਚ 27 ਅਪ੍ਰੈਲ ਤੱਕ ਵਧਾ ਦਿੱਤੀ ਸੀ।
ਉਥੇ ਹੀ ਇਸ ਮਾਮਲੇ ਦੇ ਹੋਰ ਮੁਲਜ਼ਮ ਅਰੁਣ ਰਾਮਚੰਦਰ ਪਿੱਲੈ ਅਤੇ ਅਮਨਦੀਪ ਢੱਲ ਦੀ ਨਿਆਂਇਕ ਹਿਰਾਸਤ ਵੀ 29 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ। ਸਿਸੋਦੀਆ ਨੂੰ ਸੀਬੀਆਈ ਨੇ 26 ਫਰਵਰੀ ਨੂੰ ਅਤੇ ਈਡੀ ਨੇ 9 ਮਾਰਚ ਨੂੰ ਕਥਿਤ ਸ਼ਰਾਬ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਉਹ ਤਿਹਾੜ ਜੇਲ੍ਹ ਵਿੱਚ ਬੰਦ ਹੈ। ਦੂਜੇ ਪਾਸੇ ਸੀਬੀਆਈ ਮਾਮਲੇ ਦੀ ਸੁਣਵਾਈ ਅੱਜ ਦਿੱਲੀ ਹਾਈ ਕੋਰਟ ਵਿੱਚ ਚੱਲ ਰਹੀ ਹੈ।
ਕੱਲ੍ਹ ਸੀਬੀਆਈ ਦੀ ਚਾਰਜਸ਼ੀਟ ਵਿੱਚ ਪਹਿਲੀ ਵਾਰ ਆਇਆ ਨਾਮ:ਕੱਲ੍ਹ ਯਾਨੀ ਮੰਗਲਵਾਰ ਨੂੰ ਸੀਬੀਆਈ ਨੇ ਆਪਣੀ ਦੂਜੀ ਚਾਰਜਸ਼ੀਟ ਵਿੱਚ ਪਹਿਲੀ ਵਾਰ ਮਨੀਸ਼ ਸਿਸੋਦੀਆ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਉਸ ਦੇ ਨਾਲ ਤਿੰਨ ਹੋਰ ਲੋਕਾਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਹਨ। ਇਸ ਵਿੱਚ ਸੀਏ ਬੁਚੀ ਬਾਬੂ ਗੋਰਾਂਤਲਾ, ਅਰਜੁਨ ਪਾਂਡੇ ਅਤੇ ਅਮਨਦੀਪ ਸਿੰਘ ਢੱਲ ਦਾ ਨਾਂ ਵੀ ਸ਼ਾਮਲ ਹੈ। ਗੋਰਾਂਤਲਾ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਦੀ ਬੇਟੀ ਕਵਿਤਾ ਦੀ ਸੀਏ ਹੈ। ਈਡੀ ਨੇ ਕਵਿਤਾ ਤੋਂ ਵੀ ਪੁੱਛਗਿੱਛ ਕੀਤੀ ਹੈ। ਸੀਬੀਆਈ ਨੇ 25 ਨਵੰਬਰ 2022 ਨੂੰ ਪਹਿਲੀ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਵਿੱਚ ਸਿਸੋਦੀਆ ਦਾ ਨਾਂ ਨਹੀਂ ਸੀ।
ਸਿਸੋਦੀਆ ਦੀ ਪਤਨੀ ਦੀ ਸਿਹਤ ਬੀਤੇ ਦਿਨ ਵਿਗੜ ਗਈ ਸੀ ਸਿਸੋਦੀਆ ਦੀ ਪਤਨੀ ਸੀਮਾ ਸਿਸੋਦੀਆ ਦੀ ਸਿਹਤ ਮੰਗਲਵਾਰ ਨੂੰ ਵਿਗੜ ਗਈ ਸੀ। ਉਨ੍ਹਾਂ ਨੂੰ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੀਮਾ ਮਲਟੀਪਲ ਸਕਲੇਰੋਸਿਸ ਤੋਂ ਪੀੜਤ ਹੈ ਅਤੇ ਉਸ ਦੀ ਹਾਲਤ ਵਿਗੜਦੀ ਜਾ ਰਹੀ ਹੈ। ਅੱਜ ਯਾਨੀ ਬੁੱਧਵਾਰ ਨੂੰ ਸੀਐਮ ਅਰਵਿੰਦ ਕੇਜਰੀਵਾਲ ਉਨ੍ਹਾਂ ਦਾ ਹਾਲਚਾਲ ਜਾਣਨ ਲਈ ਹਸਪਤਾਲ ਗਏ। ਇਸ ਤੋਂ ਪਹਿਲਾਂ ਸਿਸੋਦੀਆ ਨੇ ਆਪਣੀ ਪਤਨੀ ਦੀ ਸਿਹਤ ਦੇ ਆਧਾਰ 'ਤੇ ਹੇਠਲੀ ਅਦਾਲਤ 'ਚ ਜ਼ਮਾਨਤ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਪਟੀਸ਼ਨ ਰੱਦ ਕਰ ਦਿੱਤੀ ਸੀ।
ਇਹ ਵੀ ਪੜ੍ਹੋ:Maoist Attack In Dantewada: ਦਾਂਤੇਵਾੜਾ ਵਿੱਚ ਨਕਸਲੀ ਹਮਲਾ, 10 ਜਵਾਨ ਸ਼ਹੀਦ