ਨਵੀਂ ਦਿੱਲੀ: ਦਿੱਲੀ ਹਾਈ ਕੋਰਟ (Delhi High Court) ਨੇ ਅੱਜ ਵੀਰਵਾਰ ਨੂੰ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ (Union Minister Smriti Irani) ਵੱਲੋਂ ਆਪਣੀ ਧੀ ਦੇ ਗੋਆ ਬਾਰ ਲਾਇਸੈਂਸ ਵਿਵਾਦ ਮਾਮਲੇ ਵਿੱਚ ਕਾਂਗਰਸ ਆਗੂਆਂ ਜੈਰਾਮ ਰਮੇਸ਼, ਪਵਨ ਖੇੜਾ ਅਤੇ ਨੇਟਾ ਡਿਸੂਜ਼ਾ ਖ਼ਿਲਾਫ਼ ਕੀਤੇ ਗਏ ਟਵੀਟ ਨੂੰ ਹਟਾਉਣ ਦੀ ਮੰਗ ਉੱਤੇ ਸੁਣਵਾਈ ਕਰੇਗੀ।
ਦਿੱਲੀ ਹਾਈ ਕੋਰਟ ਨੇ ਜੈਰਾਮ ਰਮੇਸ਼, ਪਵਨ ਖੇੜਾ ਅਤੇ ਨੇਟਾ ਡਿਸੂਜ਼ਾ ਨੂੰ 24 ਘੰਟਿਆਂ ਦੇ ਅੰਦਰ ਟਵੀਟ ਨੂੰ ਤੁਰੰਤ ਡਿਲੀਟ ਕਰਨ ਦਾ ਨਿਰਦੇਸ਼ ਦਿੱਤਾ ਸੀ। ਸਮ੍ਰਿਤੀ ਇਰਾਨੀ (Union Minister Smriti Irani) ਨੇ ਦਿੱਲੀ ਹਾਈਕੋਰਟ (Delhi High Court) ਵਿੱਚ ਕਾਂਗਰਸ ਦੇ ਤਿੰਨ ਆਗੂਆਂ ਖ਼ਿਲਾਫ਼ ਸਿਵਲ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਹੈ। ਇਰਾਨੀ ਨੇ 2 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਹੈ।
ਇਰਾਨੀ ਦੀ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਕਾਂਗਰਸੀ ਆਗੂਆਂ ਨੇ ਇਰਾਨੀ (Union Minister Smriti Irani)ਦੀ 18 ਸਾਲਾ ਬੇਟੀ ਜੋਸ਼ ਈਰਾਨੀ 'ਤੇ ਗੋਆ 'ਚ ਗੈਰ-ਕਾਨੂੰਨੀ ਢੰਗ ਨਾਲ ਬਾਰ ਚਲਾਉਣ ਦਾ ਆਰੋਪ ਲਗਾਇਆ ਸੀ। ਦੱਸ ਦਈਏ ਕਿ ਇਨ੍ਹਾਂ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਰਾਨੀ 'ਤੇ ਆਰੋਪ ਲਗਾਉਂਦੇ ਹੋਏ, ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦੀ ਮੰਗ ਵੀ ਕੀਤੀ ਹੈ। ਇਰਾਨੀ ਨੇ ਤਿੰਨਾਂ ਆਗੂਆਂ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ।