ਸੋਨੀਪਤ:ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਦੋਸ਼ੀ ਪੰਜਾਬੀ ਗਾਇਕ ਅਤੇ ਅਦਾਕਾਰ ਦੀਪ ਸਿੱਧੂ (Actor Deep Sidhu) ਦੀ ਮੰਗਲਵਾਰ ਨੂੰ ਕੇਐਮਪੀ ਖਰਖੌਦਾ ਟੋਲ 'ਤੇ ਇੱਕ ਸੜਕ ਹਾਦਸੇ (Road accident) ਵਿੱਚ ਮੌਤ ਹੋ ਗਈ। ਸੋਨੀਪਤ ਪੁਲਿਸ ਨੇ ਦੀਪ ਸਿੱਧੂ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਸੋਨੀਪਤ ਦੇ ਸਿਵਲ ਹਸਪਤਾਲ (sonipat civil hospital) 'ਚ ਕੀਤਾ ਗਿਆ। ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਨੇ ਦੀਪ ਦੀ ਲਾਸ਼ ਦਾ ਪੋਸਟਮਾਰਟਮ (Postmortem) ਕੀਤਾ। ਪੂਰੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ (Videography) ਕੀਤੀ ਗਈ। ਪੋਸਟਮਾਰਟਮ ਦੌਰਾਨ ਦੋ ਡੀਐਸਪੀ ਮੌਜੂਦ ਸਨ। ਪੋਸਟਮਾਰਟਮ ਤੋਂ ਬਾਅਦ ਦੀਪ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਮ੍ਰਿਤਕ ਦੇਹ ਨੂੰ ਲੈ ਕੇ ਪੰਜਾਬ ਲਈ ਰਵਾਨਾ ਹੋ ਗਏ ਹਨ।
ਸੋਨੀਪਤ ਦੇ ਐੱਸਪੀ ਰਾਹੁਲ ਸ਼ਰਮਾ (SP Rahul Sharma)ਨੇ ਇਸ ਮਾਮਲੇ 'ਚ ਕਿਹਾ ਹੈ ਕਿ ਪੁਲਿਸ ਇਸ ਮਾਮਲੇ 'ਚ ਫਿਰ ਤੋਂ ਹਾਦਸੇ ਦਾ ਦ੍ਰਿਸ਼ ਤਿਆਰ ਕਰੇਗੀ। ਐਸਪੀ ਨੇ ਦੱਸਿਆ ਕਿ ਜਿਸ ਟਰੱਕ ਨਾਲ ਹਾਦਸਾ ਵਾਪਰਿਆ ਉਸ ਦੇ ਮਾਲਕ ਅਤੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸਾਨੂੰ ਦੀਪ ਸਿੱਧੂ ਦੀ ਕਾਰ ਵਿਚੋਂ ਸ਼ਰਾਬ ਦੀ ਬੋਤਲ ਵੀ ਮਿਲੀ ਹੈ ਜੋ ਕਿ ਖਾਲੀ ਹੈ। ਦੀਪ ਸਿੱਧੂ ਦੇ ਖੂਨ ਦੇ ਨਮੂਨੇ ਲਏ ਗਏ ਹਨ ਤਾਂ ਹੀ ਸ਼ਰਾਬ ਪੀਣ ਦਾ ਪਤਾ ਲੱਗ ਸਕੇਗਾ। ਵਿਸੇਰਾ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਬਾਰੇ ਕੁਝ ਕਿਹਾ ਜਾ ਸਕਦਾ ਹੈ।
ਐਸਪੀ ਨੇ ਇਹ ਵੀ ਕਿਹਾ ਹੈ ਕਿ ਦੀਪ ਸਿੱਧੂ ਦੀ ਦੋਸਤ ਰੀਨਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਰੀਨਾ 13 ਫਰਵਰੀ ਨੂੰ ਅਮਰੀਕਾ ਤੋਂ ਆਈ ਹੈ। ਉਸ ਕੋਲ ਅਮਰੀਕਾ ਦੀ ਨਾਗਰਿਕਤਾ ਹੈ। ਸਾਡੀ ਟੀਮ ਵੀ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਉਸ ਨੇ ਸ਼ੁਰੂਆਤੀ ਜਾਂਚ 'ਚ ਇਹ ਹਾਦਸਾ ਦੱਸਿਆ ਹੈ। ਫਿਲਹਾਲ ਪੁਲਿਸ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰਨ 'ਚ ਲੱਗੀ ਹੋਈ ਹੈ। ਇਹ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਜਾਪਦਾ ਹੈ। ਰਿਸ਼ਤੇਦਾਰ ਦੀਪ ਸਿੱਧੂ ਦੀ ਮ੍ਰਿਤਕ ਦੇਹ ਨੂੰ ਸਸਕਾਰ ਲਈ ਪੰਜਾਬ ਲੈ ਗਏ ਹਨ। ਅਸੀਂ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਾਂ।