ਸ਼੍ਰੀਨਗਰ: ਸ਼੍ਰੀ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਬੁੱਧਵਾਰ ਸਵੇਰੇ ਜੰਮੂ ਤੋਂ ਕਸ਼ਮੀਰ ਘਾਟੀ ਲਈ ਰਵਾਨਾ ਹੋ ਗਿਆ ਹੈ। ਸ਼੍ਰੀ ਅਮਰਨਾਥ ਯਾਤਰੀਆਂ ਦੇ ਪਹਿਲੇ ਜੱਥੇ ਨੂੰ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਯਾਤਰੀ ਨਿਵਾਸ ਭਵਨ, ਜੰਮੂ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਦੱਸਿਆ ਗਿਆ ਕਿ ਅੱਜ ਤੜਕੇ ਤਿੰਨ ਹਜ਼ਾਰ ਤੋਂ ਵੱਧ ਸ਼ਰਧਾਲੂ ਕਸ਼ਮੀਰ ਘਾਟੀ ਲਈ ਰਵਾਨਾ ਹੋਏ। ਯਾਤਰਾ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਸੀਆਰਪੀਐਫ ਦੇ ਬਾਈਕ ਸਕੁਐਡ ਕਮਾਂਡੋ ਯਾਤਰੀਆਂ ਨੂੰ ਸੁਰੱਖਿਆ ਪ੍ਰਦਾਨ ਕਰ ਰਹੇ ਹਨ। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ। ਯਾਤਰਾ ਤੋਂ ਪਹਿਲਾਂ ਲਸ਼ਕਰ ਨੇ ਧਮਕੀ ਦਿੱਤੀ ਹੈ। ਇਸ ਸਬੰਧੀ ਏਡੀਜੀਪੀ ਜੰਮੂ ਜ਼ੋਨ ਮੁਕੇਸ਼ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਕੁਝ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਯਾਤਰੀਆਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ 'ਤੇ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (ਆਰ.ਐੱਫ.ਆਈ.ਡੀ.) ਟੈਗ ਲਗਾਏ ਗਏ ਹਨ। ਥਾਂ-ਥਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।