ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤੋ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣਾ ਮਹਿੰਗਾ ਪੈ ਰਿਹਾ ਹੈ। ਉਨ੍ਹਾਂ ਨੇ ਇਮਰਾਨ ਖਾਨ ਨੂੰ ਭਰਾ ਕਹਿ ਕੇ ਨਿਖੇਧੀ ਸਹੇੜ ਲਈ ਹੈ। ਇਥੋਂ ਤੱਕ ਕਿ ਵਿਰੋਧੀਆਂ ਨੇ ਤਾਂ ਸਿੱਧੂ ਨੂੰ ਇਸ ਮੁੱਦੇ ’ਤੇ ਘੇਰਨਾ ਹੀ ਸੀ, ਸਗੋਂ ਆਪਣੀ ਪਾਰਟੀ ਕਾਂਗਰਸ ਦੇ ਆਗੂ ਵੀ ਸਿੱਧੂ ਨੂੰ ਘੇਰਦੇ ਨਜ਼ਰ ਆਏ। ਐਮਪੀ ਮਨੀਸ਼ ਤਿਵਾੜੀ ਨੇ ਕਿਹਾ ਸੀ ਕਿ ਇਮਰਾਨ ਖਾਨ ਭਾਵੇਂ ਸਿੱਧੂ ਲਈ ਵੱਡਾ ਭਰਾ ਹੋਵੇਗਾ ਪਰ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਮਨੀਸ਼ ਤਿਵਾੜੀ ਅਤੇ ਭਾਜਪਾ ਦੇ ਕੁਝ ਹੋਰ ਆਗੂਆਂ ਦਾ ਇਸ਼ਾਰਾ ਜੰਮੂ-ਕਸ਼ਮੀਰ ਵਿੱਚ ਸ਼ਹੀਦ ਹੋ ਰਹੇ ਜਵਾਨ ਅਤੇ ਹੋਰ ਦੇਸ਼ ਵਾਸੀਆਂ ਵੱਲ ਸੀ ਤੇ ਉਹ ਦੋਸ਼ ਲਗਾ ਰਹੇ ਸੀ ਕਿ ਇਹ ਸਾਰਾ ਕੁਝ ਪਾਕਿਸਤਾਨ ਵੱਲੋਂ ਕੀਤਾ ਜਾ ਰਿਹਾ ਹੈ ਤੇ ਖਾਸ ਕਰਕੇ ਹਥਿਆਰ ਅਤੇ ਡਰੱਗਜ਼ ਸੁੱਟਣ ’ਤੇ ਵੀ ਪਾਕਿਸਤਾਨ ਬਾਰੇ ਇਲਜਾਮ ਲਗਾਇਆ ਗਿਆ ਸੀ। ਹੁਣ ਹਰਿਆਣਾ ਦੇ ਭਾਜਪਾ ਆਗੂ ਨਵੀਨ ਕੁਮਾਰ ਜਿੰਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਇੱਕ ਪਾਸੇ ਸਿੱਧੂ ਨੇ ਇਮਰਾਨ ਖਾਨ ਨੂੰ ਵੱਡਾ ਭਰਾ ਦੱਸਿਆ ਤੇ ਦੂਜੇ ਪਾਸੇ ਪਠਾਨਕੋਟ ਵਿੱਖੇ ਗਰਨੇਡ ਹਮਲਾ ਹੋ ਗਿਆ। ਜਿੰਦਲ ਨੇ ਸਿੱਧੂ ’ਤੇ ਵਿਅੰਗ ਕੀਤਾ ਕਿ ਖੂਬ ਨਿਭਾਓ ਭਾਈਚਾਰਾ।