ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਬਰਫ਼ਬਾਰੀ ਹੋਈ ਹੈ ਜਿਸ ਕਾਰਨ, ਕਲੀਲੌਂਗ-ਮਨਾਲੀ ਸੜਕ ਉੱਤੇ ਸਾਰੀਆਂ ਨਿਯਮਤ ਬੱਸਾਂ ਨੂੰ ਰੋਕ ਦਿੱਤਾ ਗਿਆ। ਬੀਤੇ ਦਿਨ, ਐਤਵਾਰ ਨੂੰ ਕਸ਼ਮੀਰ ਵਾਦੀ ਦੇ ਉੱਚੇ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਕਾਰਨ ਠੰਢ ਵੱਧਣੀ ਸ਼ੁਰੂ ਹੋ ਗਈ ਹੈ।
ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਵੇਲੇ ਪੱਛਮੀ ਮੌਸਮ ਵਿੱਚ ਬਦਲਾਅ ਕਾਰਨ ਕਸ਼ਮੀਰ ’ਚ ਅਗਲੇ 24 ਘੰਟਿਆਂ ਦੌਰਾਨ ਹਲਕਾ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ, ਸੰਚਾਰ ਸੇਵਾ ਵਿੱਚ ਵੀ ਸਮੱਸਿਆ ਹੋਣ ਕਾਰਨ ਜੰਮੂ-ਕਸ਼ਮੀਰ ਦੇ ਹੋਰ ਜ਼ਿਲ੍ਹਿਆਂ ਤੇ ਦੂਰ-ਦੁਰਾਡੇ ਦੇ ਇਲਾਕਿਆਂ ਦੇ ਮੌਸਮ ਸਬੰਧੀ ਜਾਣਕਾਰੀ ਇਕੱਠੀ ਕਰਨ ਵਿੱਚ ਔਕੜ ਪੇਸ਼ ਆ ਰਹੀ ਹੈ।
ਦੱਖਣੀ ਕਸ਼ਮੀਰ ਵਿੱਚ ਸ੍ਰੀਨਗਰ ਤੋਂ ਲਗਭਗ 100 ਕਿਲੋਮੀਟਰ ਦੂਰ ਪਹਿਲਗਾਮ ਵਿੱਚ ਵੀ ਬੱਦਲ ਛਾਏ ਰਹਿਣ ਕਾਰਨ ਮੌਸਮ ਠੰਢਾ ਹੋ ਗਿਆ ਹੈ। ਅਮਰਨਾਥ ਗੁਫ਼ਾ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਵੀ ਬੀਤੀ ਰਾਤੀਂ ਬਰਫ਼ਬਾਰੀ ਹੋਈ। ਸ੍ਰੀਨਗਰ ਵਿੱਚ ਘੱਟ ਤੋਂ ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਅੰਮ੍ਰਿਤਸਰ ਰੇਲ ਹਾਦਸੇ ਦੇ ਇਕ ਸਾਲ ਬਾਅਦ ਵੀ ਲੋਕਾਂ ਨੂੰ ਡਰਾ ਰਿਹੈ 'ਰਾਵਣ', ਵੇਖੋ ਵੀਡੀਓ
ਦੂਜੇ ਪਾਸੇ, ਅਸਮ, ਮੇਘਾਲਿਆ, ਪੱਛਮੀ ਬੰਗਾਲ, ਓਡੀਸ਼ਾ, ਕਰਨਾਟਕ, ਤੇਲੰਗਾਨਾ, ਮਨੀਪੁਰ, ਮੱਧ ਪ੍ਰਦੇਸ਼, ਤਾਮਿਲ ਨਾਡੂ, ਪੁੱਡੂਚੇਰੀ ਅਤੇ ਕਰਾਇਕਾਲ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਅਰੁਣਾਚਲ ਪ੍ਰਦੇਸ਼, ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼, ਉਤਰਾਖੰਡ, ਪੂਰਬੀ ਉੱਤਰੀ ਪ੍ਰਦੇਸ਼, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਵਿੱਚ ਵੀ ਮੀਂਹ ਪੈ ਸਕਦਾ ਹੈ।