ਨਵੀਂ ਦਿੱਲੀ: ਬੀਤੇ ਦਿਨ ਗੈਰ-ਗੱਠਜੋੜ ਵਾਲੇ ਦੇਸ਼ਾਂ ਦੀ ਬੈਠਕ ਵਿੱਚ 120 ਦੇਸ਼ਾਂ ਦੇ ਮੁਖੀਆਂ ਨੇ ਵੀਡੀਓ ਕਾਨਫਰੰਸਿੰਗ ਵਿਚ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਵਿਰੁੱਧ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਉੱਥੇ ਹੀ, ਪਾਕਿਸਤਾਨ ਦਾ ਨਾਂਅ ਲਏ ਬਗੈਰ ਕਿਹਾ ਕਿ ਇਕ ਪਾਸੇ ਵਿਸ਼ਵ ਕੋਰੋਨਾ ਵਾਇਰਸ ਨਾਲ ਲੜਾਈ ਲੜ ਰਿਹਾ ਹੈ ਅਤੇ ਦੂਜੇ ਪਾਸੇ ਕੁਝ ਲੋਕ ਅੱਤਵਾਦ, ਜਾਅਲੀ ਖ਼ਬਰਾਂ ਅਤੇ ਜਾਅਲੀ ਵਿਡੀਓਜ਼ ਵਰਗੇ ਵਾਇਰਸ ਫੈਲਾਉਣ ਵਿਚ ਰੁੱਝੇ ਹੋਏ ਹਨ।
ਮੋਦੀ ਨੇ ਕਿਹਾ, “ਅੱਜ ਮਨੁੱਖਤਾ ਆਪਣੇ ਕਈ ਦਹਾਕਿਆਂ ਦੇ ਸਭ ਤੋਂ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਸਮੇਂ, ਐਨਏਐਮ ਗਲੋਬਲ ਏਕਤਾ ਨੂੰ ਉਤਸ਼ਾਹਤ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ। ਨਾਨ ਅਲਾਇਨ ਮੂਵਮੈਂਟ (NAM) ਅਕਸਰ ਦੁਨੀਆ ਦੀ ਨੈਤਿਕ ਆਵਾਜ਼ ਰਿਹਾ ਹੈ। ਇਸ ਭੂਮਿਕਾ ਨੂੰ ਕਾਇਮ ਰੱਖਣ ਲਈ, ਐਨਏਐਮ ਨੂੰ ਸ਼ਾਮਲ ਕਰਨਾ ਪਵੇਗਾ।”
ਦੱਸ ਦੇਈਏ ਕਿ ਗੈਰ-ਗੱਠਜੋੜ ਨੂੰ ਐਨਏਐਮ ਵੀ ਕਿਹਾ ਜਾਂਦਾ ਹੈ।
ਲੋਕਤੰਤਰ ਤੇ ਅਨੁਸ਼ਾਸਨ ਮਿਲ ਕੇ ਲੋਕ ਲਹਿਰ ਬਣ ਸਕਦੇ ਹਨ: ਮੋਦੀ
ਪੀਐਮ ਮੋਦੀ ਨੇ ਕਿਹਾ ਕਿ, "ਇਸ ਸੰਕਟ ਦੌਰਾਨ ਅਸੀਂ ਦਿਖਾਇਆ ਹੈ ਕਿ ਕਿਵੇਂ ਲੋਕਤੰਤਰ ਅਤੇ ਅਨੁਸ਼ਾਸਨ ਇਕੱਠੇ ਹੋ ਕੇ ਇੱਕ ਲੋਕ ਲਹਿਰ ਬਣ ਸਕਦੇ ਹਨ।" ਭਾਰਤੀ ਸਭਿਅਤਾ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਵੇਖਦੀ ਹੈ। ਅਸੀਂ ਆਪਣੇ ਨਾਗਰਿਕਾਂ ਦੀ ਦੇਖਭਾਲ ਕਰਨ ਦੇ ਨਾਲ-ਨਾਲ ਦੂਜੇ ਦੇਸ਼ਾਂ ਦੀ ਮਦਦ ਵੀ ਕਰ ਰਹੇ ਹਾਂ।”
ਅਸੀਂ 123 ਤੋਂ ਵੱਧ ਦੇਸ਼ਾਂ ਨੂੰ ਮੈਡੀਕਲ ਸਪਲਾਈ ਪਹੁੰਚਾਈ: ਮੋਦੀ
ਮੋਦੀ ਨੇ ਕਿਹਾ ਕਿ, “ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ, ਅਸੀਂ ਆਪਣੇ ਗੁਆਂਢੀ ਦੇਸ਼ਾਂ ਨਾਲ ਤਾਲਮੇਲ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਮੈਡੀਕਲ ਖੇਤਰ ਵਿੱਚ ਆਪਣੀ ਵਿਸ਼ੇਸ਼ਤਾ ਨੂੰ ਦੂਜੇ ਬਹੁਤ ਸਾਰੇ ਦੇਸ਼ਾਂ ਨਾਲ ਸਾਂਝਾ ਕਰ ਰਹੇ ਹਾਂ। ਇਸ ਦੇ ਨਾਲ ਹੀ, ਆਨ ਲਾਈਨ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਸਾਡੀਆਂ ਜ਼ਰੂਰਤਾਂ ਦੇ ਬਾਵਜੂਦ, ਅਸੀਂ 123 ਤੋਂ ਵੱਧ ਦੇਸ਼ਾਂ ਨੂੰ ਮੈਡੀਕਲ ਸਪਲਾਈ ਪਹੁੰਚਾ ਚੁੱਕੇ ਹਾਂ।”
ਕੋਰੋਨਾ ਤੋਂ ਬਾਅਦ ਦੁਨੀਆ ਵਿੱਚ ਇੱਕ ਮਨੁੱਖਤਾਵਾਦੀ ਸੰਗਠਨ ਦੀ ਜ਼ਰੂਰਤ: ਮੋਦੀ
ਪੀਐਮ ਮੋਦੀ ਨੇ ਕਿਹਾ ਕਿ, “ਕੋਰੋਨਾ ਵਾਇਰਸ ਨੇ ਸਾਨੂੰ ਦਿਖਾਇਆ ਹੈ ਕਿ ਮੌਜੂਦਾ ਅੰਤਰਰਾਸ਼ਟਰੀ ਪ੍ਰਣਾਲੀ ਦੀਆਂ ਸੀਮਾਵਾਂ ਕੀ ਹਨ? ਕੋਰੋਨਾ ਤੋਂ ਬਾਅਦ ਦੀ ਦੁਨੀਆਂ ਵਿੱਚ, ਸਾਨੂੰ ਇੱਕ ਨਿਰਪੱਖ, ਬਰਾਬਰ ਅਤੇ ਮਨੁੱਖਤਾ ਅਧਾਰਤ ਸੰਸਥਾ ਦੀ ਜ਼ਰੂਰਤ ਹੈ। ਸਾਨੂੰ ਅੰਤਰਰਾਸ਼ਟਰੀ ਸੰਸਥਾਵਾਂ ਦੀ ਜ਼ਰੂਰਤ ਹੈ ਜੋ ਅੱਜ ਦੀ ਦੁਨੀਆ ਦੇ ਵਧੇਰੇ ਪ੍ਰਤੀਨਿਧ ਹਨ।”
ਅਜੇਰਬੈਜਾਨ ਦੀ ਪਹਿਲਕਦਮੀ 'ਤੇ ਹੋਈ ਮੀਟਿੰਗ
ਪੂਰਬੀ ਯੂਰਪ ਅਤੇ ਏਸ਼ੀਆ ਦੇ ਵਿਚਕਾਰ ਦੇਸ਼ ਅਜੇਰਬੈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਵੇਵ ਦੀ ਪਹਿਲਕਦਮੀ ਉੱਤੇ ਗੈਰ-ਗਠਜੋੜ ਵਾਲੇ ਦੇਸ਼ਾਂ ਦੇ ਮੁਖੀਆਂ ਦੀ ਬੈਠਕ ਬੁਲਾਈ ਗਈ ਸੀ। ਇਲਹਾਮ ਅਲੀਵੇਵ ਗੈਰ-ਗਠਜੋੜ ਲਹਿਰ ਦੇ ਮੌਜੂਦਾ ਚੇਅਰਮੈਨ ਹਨ।
ਵਰਤਮਾਨ ਵਿੱਚ, ਗੈਰ-ਗਠਜੋੜ ਦੀ ਲਹਿਰ ਸੰਯੁਕਤ ਰਾਸ਼ਟਰ ਤੋਂ ਬਾਅਦ ਵਿਸ਼ਵ ਵਿੱਚ ਸਭ ਤੋਂ ਵੱਡਾ ਰਾਜਸੀ ਤਾਲਮੇਲ ਅਤੇ ਸਲਾਹ ਮਸ਼ਵਰੇ ਦਾ ਮੰਚ ਹੈ। ਸਮੂਹ ਵਿੱਚ 120 ਵਿਕਾਸਸ਼ੀਲ ਦੇਸ਼ ਸ਼ਾਮਲ ਹਨ।
ਇਹ ਵੀ ਪੜ੍ਹੋ: ਕੋਵਿਡ-19: ਦੇਸ਼ 'ਚ 24 ਘੰਟਿਆਂ 'ਚ 83 ਮੌਤਾਂ, 2573 ਨਵੇਂ ਮਾਮਲੇ