ਅਸਮ: ਦੇਸ਼ ਤੋਂ ਇਲਾਵਾ ਦੁਨੀਆ ਭਰ 'ਚ ਪਲਾਸਟਿਕ ਕੂੜੇ ਦੀ ਚੰਗੀ ਵਰਤੋਂ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ 'ਚ ਅਸਮ ਵਿੱਚ ਮਾਜੁਲੀ ਜ਼ਿਲ੍ਹੇ 'ਚ ਬਣ ਰਹੇ ਆਂਗਣਵਾੜੀ ਕੇਂਦਰ ਇਸ ਸਮੱਸਿਆ ਦੇ ਹੱਲ ਲਈ ਰਾਹ ਵਿਖਾ ਰਹੇ ਹਨ।
ਅਸਮ ਦੇ ਡਿਪਟੀ ਕਮਿਸ਼ਨਰ ਬਿਕਰਮ ਕੈਰੀ ਨੇ ਪ੍ਰਾਜੈਕਟ 'ਕਿਸ਼ਾਲਯ' ਦੀ ਸ਼ੁਰੂਆਤ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ 100 ਆਂਗਣਵਾੜੀ ਕੇਂਦਰਾਂ ਦੀ ਚੋਣ ਕੀਤੀ, ਇਨ੍ਹਾਂ ਸੈਂਟਰਾਂ ਨੂੰ ਇੱਟਾਂ ਦੀ ਬਜਾਏ ਸਿੰਗਲ-ਯੂਜ਼ ਪਲਾਸਟਿਕ ਦੀਆਂ ਬੋਤਲਾਂ ਨਾਲ ਬਣਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਬਿਕਰਮ ਕੈਰੀ ਨੇ ਦੱਸਿਆ, "ਇਹ ਅਸਮ ਵਿੱਚ ਅਜਿਹਾ ਪਹਿਲਾ ਨਿਰਮਾਣ ਪ੍ਰਾਜੈਕਟ ਹੈ, ਪਰ ਪਹਿਲਾਂ ਅਸੀਂ ਮਾਰਗਿਰੀਟਾ ਵਿੱਚ ਇਸ ਦੀ ਵਰਤੋਂ ਕਰਕੇ ਜਨਰੇਟਰਾਂ ਨੂੰ ਰੱਖਣ ਲਈ ਇੱਕ ਸ਼ੈੱਡ ਬਣਾਇਆ ਸੀ ਜੋ ਅਜੇ ਵੀ ਬਰਕਰਾਰ ਹੈ। ਅਸੀਂ ਇਸ ਤਰ੍ਹਾਂ ਦੀ ਉਸਾਰੀ ਫਿਲਪੀਨਜ਼, ਅਫਰੀਕੀ ਦੇਸ਼ਾਂ ਅਤੇ ਇੱਥੋਂ ਤੱਕ ਕਿ ਦੱਖਣੀ ਅਮਰੀਕਾ ਦੇ ਦੇਸ਼ਾਂ ਵਿੱਚ ਵੀ ਵੇਖੀਆਂ ਹਨ। ਭਾਰਤ, ਕਰਨਾਟਕ ਅਤੇ ਹੋਰ ਦੱਖਣੀ ਭਾਰਤ ਦੇ ਰਾਜਾਂ ਨੇ ਵੀ ਇਹੀ ਤਕਨੀਕ ਵਰਤੀ ਹੈ। ਅਸੀਂ ਸੋਚ ਰਹੇ ਸੀ ਕਿ ਕੀ ਅਸਮ ਵਿੱਚ ਵੀ ਇਹੋ ਪਹਿਲ ਹੋ ਸਕਦੀ ਹੈ? ਇਸ ਲਈ ਅਸੀਂ ਮਾਜੁਲੀ ਵਿੱਚ ਆਂਗਣਵਾੜੀ ਕੇਂਦਰਾਂ ਦਾ ਕੰਮ ਸ਼ੁਰੂ ਕੀਤਾ, ਅਸੀਂ 20,000 ਬੋਤਲਾਂ ਦੀ ਵਰਤੋਂ ਕਰਾਂਗੇ।"
ਇਸ ਵਿਲੱਖਣ ਪ੍ਰਾਜੈਕਟ ਤਹਿਤ ਪਹਿਲਾ ਆਂਗਣਵਾੜੀ ਕੇਂਦਰ ਲਗਭਗ 80 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਿਹਾ ਹੈ। ਇਸ ਕੇਂਦਰ ਦੀ ਉਸਾਰੀ ਸਿਲਾਕਲਾ ਪੰਚਾਇਤ ਅਧੀਨ ਪੈਂਦੇ ਪਿੰਡ ਕਾਕੋਰੀਕੋਟਾ ਪਬਾਨਾ 'ਚ ਕੀਤਾ ਜਾ ਰਿਹਾ ਹੈ। ਇਸ ਦਾ ਨੀਂਹ ਪੱਥਰ ਕੈਰੀ ਵੱਲੋਂ 25 ਦਸੰਬਰ, 2019 ਨੂੰ ਰੱਖਿਆ ਗਿਆ ਸੀ।
ਪ੍ਰਾਜੈਕਟ 'ਕਿਸ਼ਾਲਯ' ਦੇ ਪਹਿਲੇ ਪੜਾਅ ਵਿੱਚ 45 ਆਂਗਣਵਾੜੀ ਕੇਂਦਰ ਉਸਾਰੇ ਜਾਣਗੇ, ਜਿਨ੍ਹਾਂ ਵਿਚੋਂ ਚਾਰ ਅਜਿਹੇ ਕੇਂਦਰਾਂ ਲਈ ਕੰਮ ਸ਼ੁਰੂ ਹੋ ਚੁੱਕਾ ਹੈ। ਬ੍ਰਹਮਾਪੁੱਤਰਾ ਟਾਪੂ ਦੇ ਸਥਾਨਕ ਨਿਵਾਸੀਆਂ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਪ੍ਰੋਜੈਕਟ ਵਿੱਚ ਬਰਾਬਰ ਹਿੱਸਾ ਲਿਆ।
ਸਥਾਨਕ ਲੋਕਾਂ ਨੇ ਦੱਸਿਆ, "ਪਲਾਸਟਿਕ ਨੂੰ ਸੁੱਟਣ ਦੀ ਬਜਾਏ, ਜੇ ਤੁਸੀਂ ਇਸ ਨੂੰ ਇਕੱਠਾ ਕਰਦੇ ਹੋ ਅਤੇ ਇਸ ਦੀ ਚੰਗੀ ਵਰਤੋਂ ਕਰੋ, ਤਾਂ ਇਹ ਨਾ ਸਿਰਫ ਪ੍ਰਦੂਸ਼ਣ ਨੂੰ ਘਟਾਉਂਦਾ ਹੈ ਬਲਕਿ ਕੁਝ ਉਸਾਰਨ ਵਿੱਚ ਤੁਹਾਡੀ ਮਦਦ ਵੀ ਕਰ ਸਕਦਾ ਹੈ।"
ਪ੍ਰਾਜੈਕਟ 'ਕਿਸ਼ਾਲਯ' ਦੇ ਪੈਮਾਨੇ ਦੇ ਮੱਦੇਨਜ਼ਰ ਉਸਾਰੀ 'ਚ ਲੱਖਾਂ ਸਿੰਗਲ ਯੂਜ਼ ਪਲਾਸਟਿਕ ਦੀਆਂ ਬੋਤਲਾਂ ਦੀ ਜ਼ਰੂਰਤ ਹੋਵੇਗੀ, ਇਸ ਲਈ ਪਲਾਸਟਿਕ ਦੀਆਂ ਬੋਤਲਾਂ ਨੂੰ ਇਕੱਠਾ ਕਰਨ ਦਾ ਕੰਮ ਪੱਛਮੀ ਕਾਕੋਰਿਕੋਟਾ ਇੰਦਰਾ ਮਹਿਲਾ ਸਮਾਜ ਅਤੇ ਪਿੰਡ ਦੇ ਸਵੈ-ਸਹਾਇਤਾ ਸਮੂਹ ਨੂੰ ਦਿੱਤਾ ਗਿਆ ਹੈ। ਇਸ ਕੰਮ ਲਈ ਉਨ੍ਹਾਂ ਨੂੰ ਵਿੱਤੀ ਮਦਦ ਵੀ ਦਿੱਤੀ ਜਾਵੇਗੀ।