ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ ਨੇ ਚੱਕਰਵਾਤੀ ਤੂਫਾਨ "ਫੈਨੀ" ਦੇ ਚਲਦੇ ਦੱਖਣੀ ਭਾਰਤ ਵਿੱਚ ਅਲਰਟ ਜਾਰੀ ਕੀਤਾ ਹੈ।
ਭਾਰਤੀ ਮੌਸਮ ਵਿਭਾਗ ਨੇ ਇਸ ਤੂਫਾਨ ਬਾਰੇ ਦੱਸਦੇ ਹੋਏ ਕਿਹਾ ਕਿ ਦੱਖਣਪੂਰਬੀ ਬੰਗਾਲ ਖਾੜੀ ਦੇ ਉੱਤੇ ਬਣਨ ਵਾਲਾ ਦਬਾਅ ਵਾਲਾ ਖ਼ੇਤਰ ਇੱਕ ਚੱਕਰਵਾਤੀ ਤੂਫਾਨ ਵਿੱਚ ਤਬਦੀਲ ਹੋ ਗਿਆ ਹੈ। ਇਸ ਨੂੰ "ਫੈਨੀ" ਨਾਂਅ ਦਿੱਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ "ਫੈਨੀ" 30 ਅਪ੍ਰੈਲ ਦੀ ਸ਼ਾਮ ਨੂੰ ਤਮਿਲਨਾਡੂ ਅਤੇ ਦੱਖਣ ਆਂਧਰ ਪ੍ਰਦੇਸ਼ ਦੇ ਸਮੁੰਦਰੀ ਤੱਟਾਂ ਤੱਕ ਪੁੱਜ ਸਕਦਾ ਹੈ। ਫਿਲਹਾਲ ਇਹ ਤੂਫਾਨ ਪੂਰਬੀ ਮੱਧਰੇਖਾ ਹਿੰਦ ਮਹਾਂਸਾਗਰ ਅਤੇ ਦੱਖਣ ਪੂਬਰ ਬੰਗਾਲ ਖਾੜੀ ਵਿੱਚ ਸਥਿਤ ਹੈ।
ਮੌਸਮ ਵਿਭਾਗ ਦੇ ਮਹਾਂਨਿਰਦੇਸ਼ਕ ਮ੍ਰਿਤਯੂਮੰਜ ਮਹਾਪਾਤਰ ਨੇ ਕਿਹਾ ਕਿ ਸਾਡੀ ਰਿਸਰਚ ਮੁਤਾਬਕ ਅੱਜ ਦੀ ਸਥਿਤੀ ਦੇ ਹਿਸਾਬ ਨਾਲ ਇਹ ਚੱਕਰਵਾਤੀ ਤੂਫਾਨ ਆਂਧਰਾ ਪ੍ਰਦੇਸ਼ ਅਤੇ ਤਮਿਲਨਾਡੂ ਦੇ ਤੱਟਾਂ ਤੱਕ ਜਲਦ ਹੀ ਪੁੱਜ ਸਕਦਾ ਹੈ ਪਰ ਇਸ ਦੇ ਟੱਕਰਾਉਣ ਦੀ ਸੰਭਾਵਨਾ ਨਹੀਂ ਹੈ। ਤੱਟ ਦੇ ਕੋਲ ਪੁੱਜਣ ਤੋਂ ਪਹਿਲਾਂ ਇਹ ਮੁੜ ਵੀ ਸਕਦਾ ਹੈ। ਅਜਿਹੇ ਵਿੱਚ ਕੁਝ ਵੀ ਕਹਿਣਾ ਸੰਭਵ ਨਹੀਂ ਹੈ ਅਸੀਂ ਇਸ ਦੇ ਰਸਤੇ ਉੱਤੇ ਨਜ਼ਰ ਰੱਖ ਰਹੇ ਹਾਂ।
ਇਸ ਤੂਫਾਨ ਦੇ ਚਲਦੇ 28 ਅਪ੍ਰੈਲ ਤੋਂ ਸ਼੍ਰੀਲੰਕਾ, ਤਾਮਿਲਨਾਡੂ ਅਤੇ ਆਂਧਰ ਪ੍ਰਦੇਸ਼ ਦੇ ਸਮੁੰਦਰੀ ਤੱਟਾਂ ਉੱਤੇ ਵੱਧ ਉਚਾਈ ਵਾਲੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਹੈ। 29, 30 ਅਪ੍ਰੈਲ ਅਤੇ 1 ਮਈ ਨੂੰ ਭਾਰਤ ਦੇ ਕੇਰਲ,ਤਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਕੁੱਝ ਹਿੱਸਿਆ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਕੇਰਲ,ਤਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਨਾਲ-ਨਾਲ ਸ਼੍ਰੀਲੰਕਾ ਦੇ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ।