ਨਵੀਂ ਦਿੱਲੀ: ਸੋਨੀਆ ਗਾਂਧੀ ਨੂੰ ਕਾਂਗਰਸ ਦਾ ਅੰਤ੍ਰਿਮ ਪ੍ਰਧਾਨ ਚੁਣਿਆ ਗਿਆ ਹੈ। ਸੋਨੀਆ ਦੂਜੀ ਵਾਰ ਕਾਂਗਰਸ ਦੀ ਕਮਾਨ ਸਾਂਭਣਗੇ। ਰਾਹੁਲ ਗਾਂਧੀ ਦੇ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਪ੍ਰਧਾਨ ਦੀ ਅਹੁਦਾ 2 ਮਹੀਨੇ ਤੋਂ ਖਾਲੀ ਪਿਆ ਸੀ।
ਅਜੇ ਵੀ ਕਾਂਗਰਸ ਨੂੰ ਨਹੀਂ ਮਿਲਿਆ ਸਥਾਈ ਪ੍ਰਧਾਨ
2 ਮਹੀਨੇ ਬੀਤ ਜਾਣ ਮਗਰੋਂ ਵੀ ਕਾਂਗਰਸ ਨੂੰ ਸਥਾਈ ਪ੍ਰਧਾਨ ਨਹੀਂ ਮਿਲਿਆ। ਬੀਤੇ ਦਿਨੀਂ ਹੋਈ CWC ਦੀ ਬੈਠਕ ਵਿੱਚ ਰਾਹੁਲ ਗਾਂਧੀ ਦਾ ਅਸਤੀਫ਼ਾ ਮਨਜ਼ੂਰ ਕਰਨ ਮਗਰੋਂ ਸੋਨੀਆ ਗਾਂਧੀ ਨੂੰ ਕਾਂਗਰਸ ਦਾ ਅੰਤ੍ਰਿਮ ਪ੍ਰਧਾਨ ਚੁਣਿਆ ਗਿਆ ਹੈ।
ਬੀਤੇ ਦਿਨੀਂ ਪਾਰਟੀ ਹੈਡਕੁਆਰਟਰ ਵਿਖੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਬੈਠਕ ਵਿੱਚ ਰਾਹੁਲ ਦਾ ਅਸਤੀਫ਼ਾ ਮਨਜ਼ੂਰ ਕਰ ਸੋਨੀਆ ਨੂੰ ਅੰਤ੍ਰਿਮ ਪ੍ਰਧਾਨ ਥਾਪਿਆ ਗਿਆ। ਬੈਠਕ ਵਿੱਚ ਫ਼ੈਸਲਾ ਲਿਆ ਗਿਆ ਹੈ ਕਿ ਛੇਤੀ ਹੀ ਆਲ ਇੰਡੀਆ ਕਾਂਗਰਸ ਕਮੇਟੀ ਦੀਆਂ ਚੋਣਾਂ ਹੋਣਗੀਆਂ ਅਤੇ ਪਾਰਟੀ ਨੂੰ ਸਥਾਈ ਪਧਾਨ ਮਿਲੇਗਾ। ਉਦੋਂ ਤੱਕ ਪਾਰਟੀ ਦੀ ਕਮਾਨ ਸੋਨੀਆ ਗਾਂਧੀ ਦੇ ਹੱਥ ਰਹੇਗੀ।
ਦੱਸਣਯੋਗ ਹੈ ਕਾਂਗਰਸ ਦਾ ਪ੍ਰਧਾਨ ਚੁਣਨ ਲਈ 5 ਕਮੇਟੀਆਂ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਇਹ ਫ਼ੈਸਲਾ ਲਿਆ ਗਿਆ। ਸੋਨੀਆ ਗਾਂਧੀ ਨੂੰ ਅੰਤਰਿਮ ਪ੍ਰਧਾਨ ਬਣਾਉਣ ਦਾ ਕਦਮ ਨੌਜਵਾਨ ਤੇ ਤਜਰਬੇਕਾਰ ਲੀਡਰਾਂ ਵਿਚਾਲੇ ਮੇਲ ਦੱਸਦਿਆਂ ਪਾਰਟੀ ਨੂੰ ਅੱਗੇ ਲਿਜਾਣ ਦੀ ਰਣਨੀਤੀ ਵਜੋਂ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੰਮ ਕਰ ਰਹੇ ਨੌਜਵਾਨ ਲੀਡਰਾਂ ਨੂੰ ਸੋਨੀਆ ਦੇ ਅਧੀਨ ਕੰਮ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਹੋਵੇਗੀ ਤੇ ਕਾਂਗਰਸ ਦੇ ਤਜਰਬੇਕਾਰ ਨੇਤਾਵਾਂ ਨੂੰ ਸੋਨੀਆ ਦੀ ਅਗਵਾਈ ਵਿੱਚ ਕੰਮ ਕਰਨ ਦਾ ਪਹਿਲਾਂ ਹੀ ਲੰਮਾ ਤਜਰਬਾ ਹੈ।