ਨੋਵਲ ਕੋਰੋਨਾਵਾਇਰਸ, ਇੱਕ ਆਲਮੀ ਮਹਾਂਮਾਰੀ ਹੈ। ਸਿਹਤ ਅਤੇ ਚਿਕਿਤਸਾ ਵਿਸ਼ੇਸ਼ਗ ਇਸ ਬਿਮਾਰੀ ਦੇ ਉਨ੍ਹਾਂ ਅਸਰਾਂ ਨੂੰ ਮੱਠਾ ਕਰਨ ਲਈ ਜੀ ਤੋੜ ਕੋਸ਼ਿਸ਼ ਕਰ ਰਹੇ ਹਨ ਜੋ ਇਸ ਬਿਮਾਰੀ ਦੀ ਵਜ੍ਹਾ ਨਾਲ ਸਾਡੀ ਆਬਾਦੀ, ਉਨ੍ਹਾਂ ਕਮਜ਼ੋਰ ਸਮੂਹਾਂ ਜੋ ਆਸਾਨੀ ਨਾਲ ਇਸ ਦੀ ਚਪੇਟ ਵਿੱਚ ਆ ਸਕਦਾ ਹਨ ਅਤੇ ਸਮੁੱਚੇ ਤੌਰ 'ਤੇ ਸਿਹਤ-ਸੰਭਾਲ ਦੇ ਖੇਤਰ 'ਤੇ ਸਮੁੱਚਤਾ ਨਾਲ ਪੈਣਗੇ। ਇਸ ਬਿਮਾਰੀ ਦੇ ਫੈਲਾਅ ਤੇ ਪ੍ਰਸਾਰ ਨੂੰ ਸੀਮਤ ਕਰਨ ਦੇ ਯਤਨ ਦੇ ਤੌਰ ’ਤੇ ਜਿਨ੍ਹਾਂ ਤੌਰ ਤਰੀਕਿਆਂ ’ਤੇ ਸਰਕਾਰ ਵੱਲੋਂ ਸਮੁੱਚੇ ਸਮੁਦਾਏ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਵਾਸਤੇ ਅਪਣਾਉਣ ਲਈ ਜ਼ੋਰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਵਿੱਚ ਸਮਾਜਿਕ ਦੂਰੀਆਂ, ਕੁਆਰਨਟੀਨ, ਅਤੇ ਆਇਸੋਲੇਸ਼ਨ ਯਾਨੀ ਮਰੀਜ਼ ਨੂੰ ਬਾਕੀ ਹਰ ਕਿਸੇ ਨਾਲੋਂ ਅਲੱਗ ਕਰਨ ਦੇ ਉਪਾਅ ਹਨ ਤੇ ਨਾਲ ਹੀ ਸਰਕਾਰ ਇਹ ਉਮੀਦ ਕਰਦੀ ਹੈ ਕਿ ਹਰ ਕੋਈ ਇਸ ਮੁਹਿੰਮ ਵਿੱਚ ਆਪਣਾ ਬਣਦਾ ਫ਼ਰਜ਼ ਅਦਾ ਕਰਕੇ ਆਪਣਾ ਯੋਗਦਾਨ ਪਾਏਗਾ। ਕੋਵਿਡ–19 ਮਹਾਮਾਰੀ ਨੇ ਸਾਡੇ ਹੰਗਾਮੀ ਪ੍ਰਤੀਕਿਰਿਆ ਦੇਣ ਦੀ ਕਾਬਲੀਅਤ ਅਤੇ ਸਾਡੇ ਉਹਨਾਂ ਸਿਹਤ ਕਰਮਚਾਰੀਆਂ, ਜੋ ਕਿ ਹਮੇਸ਼ਾ ਹੀ ਇਨ੍ਹਾਂ ਲਾਗ ਵਾਲੀਆਂ ਬਿਮਾਰੀਆਂ ਦੇ ਖਿਲਾਫ਼ ਦਲੇਰੀ ਤੇ ਹੌਸਲੇ ਨਾਲ ਲੜਨ ਲਈ ਮੂਹਰਲੇ ਮੁਹਾਜ਼ ਉੱਤੇ ਰਹੇ ਹਨ, ਉਨ੍ਹਾਂ ਸਭਨਾਂ ਦੇ ਉੱਤੇ ਸ਼ਦੀਦ ਦਬਾਅ ਅਤੇ ਤਣਾਅ ਖੜਾ ਕਰ ਕੇ ਰੱਖ ਦਿੱਤਾ ਹੈ। ਲੋਕ ਬਹੁਤ ਹੀ ਮੁਖ਼ਤਲਿਫ਼ ਕਿਸਮ ਦੇ ਵਿਚਾਰਾਂ, ਭਾਵਨਾਵਾਂ ਅਤੇ ਪ੍ਰਤੀਕ੍ਰਿਆਵਾਂ ਦਾ ਅਨੁਭਵ ਕਰ ਰਹੇ ਹਨ।
ਸੀਮਤ ਸਾਧਨਾਂ ਤੇ ਵਸੀਲਿਆਂ ਦੇ ਨਾਲ, ਬਿਨ੍ਹਾਂ ਕਿਸੇ ਪ੍ਰੇਰਨਾ ਭਰੀ ਦਿਨ-ਚਰਿਆ ਅਤੇ ਸਮਾਜਿਕ ਸੰਪਰਕ ਨਾਲ ਘਰ 'ਤੇ ਹਫ਼ਤਿਆਂ ਬੱਧੀ ਸਮਾਂ ਘਰ ਟਿੱਕ ਕੇ ਬਿਤਾਉਣ ਦਾ ਸਰਕਾਰੀ ਆਦੇਸ਼ ਲੋਕਾਂ ਦੀ ਮਾਨਸਿਕ ਸਿਹਤ' ਤੇ ਮਾੜਾ ਅਸਰ ਪਾ ਸਕਦਾ ਹੈ। ਸਿਹਤ ਮਾਹਰ ਇਹ ਕਹਿੰਦੇ ਹਨ ਕਿ ਕਿਸੇ ਵੀ ਕਿਸਮ ਦੀ ਸਮਾਜਿਕ ਅਲੱਗ-ਥਲੱਗਤਾ, ਭਾਵੇਂ ਇਹ ਸਵੈ-ਇੱਛਤ ਹੋਵੇ ਜਾਂ ਇਹ ਡਾਕਟਰੀ ਤੌਰ 'ਤੇ ਜ਼ਰੂਰੀ ਹੋਣ ਕਾਰਨ ਥੋਪੀ ਗਈ ਹੋਵੇ, ਇਹ ਇੱਕ ਬੇਹਦ ਤਣਾਅ ਵਾਲੀ ਸਥਿਤੀ ਹੈ, ਅਤੇ ਬਾਲਗ ਅਤੇ ਬੱਚਿਆਂ, ਦੋਵਾਂ ਦੇ ਵਿਚ ਹੀ ਇਕ ਦੁੱਖਦਾਈ ਤਜਰਬਾ ਜਾਂ ਸਦਮਾ ਪੈਦਾ ਕਰਦੀ ਹੈ। ਕੋਵੀਡ -19 ਦੀ ਇਸ ਮਹਾਂਮਾਰੀ ਦੇ ਦੌਰਾਨ, ਦੇਸ਼ ਭਰ ਦੀਆਂ ਤਮਾਮ ਸੂਬਾ ਸਰਕਾਰਾਂ ਨੇ ਕੋਰੋਨਵਾਇਰਸ ਦੇ ਫੈਲਣ ਨੂੰ ਠੱਲ ਪਾਉਣ ਵਿੱਚ ਸਹਾਇਤਾ ਲਈ ਲੋਕਾਂ ਵੱਲੋਂ ਸਮਾਜਕ ਦੂਰੀਆਂ ਬਣਾ ਕੇ ਰੱਖੇ ਜਾਣ ਬਾਬਤ ਕੁਝ ਨਾ ਕੁਝ ਫ਼ਰਮਾਨ ਜਾਰੀ ਕੀਤੇ ਹਨ। ਸਾਰੇ ਦੇ ਸਾਰੇ ਸਕੂਲ ਤੰਤਰ, ਮਨੋਰੰਜਨ ਦੇ ਤਮਾਮ ਖੇਤਰ ਅਤੇ ਵਸੀਲੇ, ਸਮੁਦਾਇਕ ਸੰਸਥਾਵਾਂ ਆਦਿ, ਸਭ ਦੇ ਸਭ ਅਸਥਾਈ ਤੌਰ ਤੇ ਬੰਦ ਹੋ ਕੇ ਰਹਿ ਗਏ ਹਨ। ਇੱਕ ਇੰਟਰਵਿਊ ਦੇ ਵਿੱਚ ਯੂਐਸਏ ਫਰੰਟੀਅਰ ਹੈਲਥ ਦੇ ਚਿਲਡਰਨ ਸਰਵਿਸਿਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਟਿਮ ਪੇਰੀ ਨੇ ਕਿਹਾ, “ਅਲੱਗ–ਥਲੱਗ ਹੋ ਕੇ ਰਹਿਣਾ ਤੁਹਾਡੀ ਖੁਦਮੁਖਤਿਆਰੀ, ਕੁਸ਼ਲਤਾ ਅਤੇ ਅਸੰਗਤੀ ਦੁਆਰਾ ਤੁਹਾਡੀ ਮਾਨਸਿਕ ਸਿਹਤ ਦੇ ਉੱਤੇ ਬੁਰਾ ਅਸਰ ਪਾਉਂਦਾ ਹੈ, ਇਸ ਨਾਲ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਥਿਤੀ ਉਨ੍ਹਾਂ ਦੇ ਨਿਯੰਤਰਣ ਤੋਂ ਬਾਹਰ ਹੈ, ਅਤੇ ਉਹ ਦੁਨੀਆਂ ਦੇ ਵਿੱਚ ਅਤਿ ਇਕੱਲੇ ਹਨ ਅਤੇ ਬਾਕੀ ਸੰਸਾਰ ਨਾਲੋਂ ਦੂਰ ਹਨ ਅਤੇ ਸਭ ਨਾਲੋਂ ਟੁੱਟੇ ਹੋਏ ਹਨ, ਜਿਸਦੇ ਕਾਰਨ ਉਹਨਾਂ ਨੂੰ ਮਾੜੀ ਨੀਂਦ, ਮਾੜੀ ਇਕਾਗਰਤਾ, ਸਦਮਾ, ਅਤੇ ਉਦਾਸੀ ਵਰਗੀਆਂ ਸਮੱਸਿਆਵਾਂ ਆ ਕੇ ਘੇਰ ਲੈਂਦੀਆਂ ਹਨ, ਲੋਕ ਅਕਸਰ ਆਪਣੇ ਆਪ ਨੂੰ ਫ਼ਾਥਿਆ ਹੋਇਆ ਮਹਿਸੂਸ ਕਰਦੇ ਹਨ, ਅਤੇ ਦੋਸਤਾਂ - ਮਿੱਤਰਾਂ ਅਤੇ ਹਮਜੋਲੀਆਂ ਤੋਂ ਟੁੱਟੇ ਹੋਣ ਕਾਰਨ ਉਹ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਜਿਵੇਂ ਕੋਈ ਸਜ਼ਾ ਦਿੱਤੀ ਜਾ ਰਹੀ ਹੈ, ਭਾਵੇਂ ਕਿ ਇਹ ਸਭ ਉਨ੍ਹਾਂ ਦੇ ਆਪਣੇ ਭਲੇ ਲਈ ਹੀ ਕਿਉਂ ਨਾ ਹੋ ਰਿਹਾ ਹੋਵੇ।
ਸਮਾਜਕ ਦੂਰੀਆਂ, ਅਲੱਗ - ਥਲੱਗਤਾ ਜਾਂ ਆਇਸੋਲੇਸ਼ਨ ਦੇ ਹੋਣ ਕਾਰਨ ਲੋਕਾਂ ਦੇ ਵਿਚ ਇਕੱਲਤਾ ਵਧ ਗਈ ਹੈ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਕੋਵਿਡ ਦੀ ਬਿਮਾਰੀ ਬਜ਼ੁਰਗ ਆਬਾਦੀ ਨੂੰ ਕੁਝ ਜ਼ਿਆਦਾ ਅਨੁਪਾਤ ਵਿੱਚ ਹੀ ਪ੍ਰਭਾਵਿਤ ਕਰਦਾ ਹੈ। ਭਾਰਤ ਵਿੱਚ, ਬਜ਼ੁਰਗ ਮਰੀਜ਼ਾਂ ਦੀ ਆਬਾਦੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਉਨ੍ਹਾਂ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਵੀ ਵੱਧ ਰਹੀਆਂ ਹਨ।
ਇਕੱਲੇ ਅਤੇ ਇਕੱਲਾਪੇ ਦੇ ਸ਼ਿਕਾਰ ਲੋਕ ਵਧੇਰੇ ਉਦਾਸੀ ਦੇ ਲੱਛਣਾਂ ਤੋਂ ਗ੍ਰਸਤ ਹਨ, ਕਿਉਂਕਿ ਉਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਘੱਟ ਖੁਸ਼, ਘੱਟ ਸੰਤੁਸ਼ਟ ਅਤੇ ਵਧੇਰੇ ਨਿਰਾਸ਼ਾਵਾਦੀ ਵਿਅਕਤੀਆਂ ਦੇ ਤੌਰ ’ਤੇ ਦਰਜ ਕੀਤਾ ਗਿਆ ਹੈ। ਇਕੱਲਤਾ ਅਤੇ ਅਵਸਾਦ ਦੇ ਵਿਚਕਾਰ ਕਈ ਸਾਰੇ ਆਮ ਲੱਛਣ ਸਾਂਝੇ ਹੁੰਦੇ ਹਨ, ਜਿਵੇਂ ਬੇਵਸੀ ਅਤੇ ਦੁੱਖ। ਸਿੰਘ ਏ. ਅਤੇ ਹੋਰਨਾਂ ਵੱਲੋਂ ਦਿੱਲੀ (ਭਾਰਤ) ਅਧਾਰਤ ਵੱਖ ਵੱਖ ਖੇਤਰਾਂ (ਵੱਖੋ ਵੱਖਰੀਆਂ ਹਾਊਸਿੰਗ ਸੋਸਾਇਟੀਆਂ ’ਚ) ਰਹਿੰਦੇ 60 ਤੋਂ ਲੈ ਕੇ 80 ਸਾਲ ਤੱਕ ਦੇ ਬਜ਼ੁਰਗ ਵਿਅਕਤੀਆਂ ਦੇ ਕੀਤੇ ਗਏ ਅਧਿਐਨ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਜਿਵੇਂ ਜਿਵੇਂ ਇਕੱਲਤਾ ਅਤੇ ਇਕਲਾਪੇ ਦੇ ਵਿੱਚ ਵਾਧਾ ਹੁੰਦਾ ਹੈ, ਉਵੇਂ ਉਵੇਂ ਅਵਸਾਦ ਦਾ ਪੱਧਰ ਵੀ ਵੱਧਦਾ ਜਾਂਦਾ ਹੈ। ਇੱਕਲਤਾ ਅਤੇ ਇੱਕਲਾਪੇ ਨੂੰ ਬੇਲੋੜੀ ਸ਼ਰਾਬ ਪੀਣ ਦੀ ਆਦਤ ਦੇ ਨਿਕਾਸ ਅਤੇ ਵਿਕਾਸ ਦੇ ਵਿੱਚ ਯੋਗਦਾਨ ਪਾਉਣ, ਇਸ ਨੂੰ ਬਣਾਏ ਰੱਖਣ, ਅਤੇ ਇੱਕ ਮਾੜੇ ਪੂਰਵ-ਸੂਚਕ ਕਾਰਕ ਵੱਜੋਂ ਮਾਨਤਾ ਦਿੱਤੀ ਜਾਂਦੀ ਹੈ।
ਇਸ ਦੇ ਲਈ ਜਿਸ ਕਾਰਨ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ ਉਹ ਸਮਾਜਿਕ ਸਹਾਇਤਾ ਦੀ ਘਾਟ ਅਤੇ ਸਮੁਦਾਇਕ ਦਬਾਅ ਦੀ ਵੱਖੋ ਵੱਖਰੀ ਧਾਰਨਾ ਦਾ ਹੋਣਾ ਹੈ। ਇਕੱਲਾਪਣ ਨਾ ਸਿਰਫ਼ ਤਤਕਾਲੀ ਤੀਬਰ ਤਣਾਅ ਅਤੇ ਦਬਾਅ ਦਾ ਸਿਰਫ਼ ਇੱਕ ਸ੍ਰੋਤ ਹੈ, ਬਲਕਿ ਇਹ ਕਦੀਮੀਂ ਤਣਾਅ ਦੇ ਪਣਪਣ ਦੀ ਵਜ੍ਹਾ ਵੀ ਹੈ। ਹਾਲ ਹੀ ਦੇ ਵਿੱਚ, ਦਬਾਅ ਅਤੇ ਤਣਾਅ ਦੇ ਚਲਦਿਆਂ ਮਨੋਵਿਗਿਆਨਕ ਦੁਸ਼-ਪ੍ਰਭਾਵਾਂ ਦੇ ਨਿਊਰੋਐਂਡੇਕਰਾਇਨ ਅਤੇ ਇਮਿਊਨ ਸਿਸਟਮ ਦੇ ਉੱਤੇ ਪੈਂਦੇ ਮਾੜੇ ਅਸਰਾਂ ਦੇ ਸਬੰਧ ਵਿੱਚ ਵਿਸਤਰਤ ਖੋਜ ਹੋਈ ਹੈ। ਅਤੇ ਨਾਲ ਹੀ ਇਕੱਲੇ ਰਹਿਣ ਦੇ ਸਦਕਾ ਸ਼ਰੀਰਕ ਪ੍ਰਕਿਰਿਆਵਾਂ ਅਤੇ ਪ੍ਰਣਾਲੀਆਂ ’ਤੇ ਵੀ ਇਸ ਸਬੰਧ ਵਿੱਚ ਭਰਪੂਰ ਖੋਜ ਹੋਈ ਹੈ।
ਇਕੱਲਾਪਣ ਕਮਜ਼ੋਰ ਕੋਸ਼ਿਕਾ (ਸੈਲੂਲਰ) ਰੋਗ-ਪ੍ਰਤੀਰੋਧਕ ਸ਼ਕਤੀ ਨਾਲ ਜੁੜਿਆ ਹੋਇਆ ਹੈ, ਜਿਵੇਂ ਕਿ ਹੇਠਲੇ ਪੱਧਰ ’ਤੇ ਕੁਦਰਤੀ ਕਾਤਲ (Natural Killer or NK) ਸੈਲ ਦੀਆਂ ਗਤੀਵਿਧੀਆਂ ਅਤੇ ਉੱਤਲੇ ਤੌਰ ’ਤੇ ਐਂਟੀਬੌਡੀ ਟਿਟਰਜ਼ ਦੁਆਰਾ ਦਰਸ਼ਾਇਆ ਗਿਆ ਹੈ। ਇਸ ਤੋਂ ਇਲਾਵਾ, ਅਧੇੜ ਉਮਰ ਦੇ ਲੋਕਾਂ ਵਿੱਚ ਇੱਕਲਤਾ ਅਤੇ ਇੱਕਲਾਪੇ ਦੇ ਕਾਰਨ ਅਕਸਰ ਹੀ ਐਨ.ਕੇ. ਸੈਲਾਂ ਦੀ ਤਦਾਦ ਵਿੱਚ ਮਾਮੂਲੀ ਵਾਧਾ ਦੇਖਣ ਨੂੰ ਮਿਲਦਾ ਹੈ, ਜੋ ਕਿ ਤਮਾਮ ਗਤੀਵਿਧੀਆਂ ਨਾਲ ਜੁੜੇ ਤਣਾਅ ਦੇ ਕਾਰਨ ਪੈਦਾ ਹੋਇਆ ਹੁੰਦਾ ਹੈ।
ਆਤਮਘਾਤ ਨਾਲ ਜੁੜੀ ਹੋਈ ਖੋਜ ਵਿੱਚੋਂ ਇੱਕ ਪੱਖ ਬੇਹਦ ਉੱਘੜ ਕੇ ਸਾਹਮਣੇ ਆਇਆ ਹੈ ਜੋ ਇਹ ਹੈ ਕਿ ਖੁਦਕੁਸ਼ੀ ਦੀ ਕਲਪਨਾ ਅਤੇ ਚਿੰਤਨ, ਨੀਮ ਖ਼ੁਦਕੁਸ਼ੀ ਅਤੇ ਇੱਕਲਤਾ ਦੇ ਵਿੱਚ ਇੱਕ ਬੇਹਦ ਗਹਿਰਾ ਅਤੇ ਮਜਬੂਤ ਰਿਸ਼ਤਾ ਹੈ। ਇੱਕਲਤਾ ਤੇ ਇੱਕਲਾਪੇ ਦੇ ਦਰਜੇ ਦੇ ਵੱਧਣ ਦੇ ਨਾਲ ਨਾਲ, ਆਤਮਘਾਤੀ ਚਿੰਤਨ ਅਤੇ ਨੀਮ ਖੁਦਕੁਸ਼ੀ ਦੇ ਪ੍ਰਚਲਨ ’ਚ ਸ਼ਦੀਦ ਵਾਧਾ ਦਰਜ ਕੀਤਾ ਗਿਆ ਹੈ।
ਇਕੱਲਤਾ ਦੇ ਨਾਲ ਜੁੜੇ ਹੋਏ ਤੇ ਇਸ ਦੇ ਕਾਰਨ ਪੈਦਾ ਹੋਣ ਵਾਲੇ ਪਰਸਨੈਲਿਟੀ ਡਿਸਔਡਰਾਂ (ਸਖ਼ਸ਼ੀਅਤੀ ਵਿਗਾੜ) ਦੇ ਵਿੱਚ ਬੌਡਰਲਾਇਨ ਪਰਸਨੈਲਿਟੀ ਡਿਸਔਡਰ (BPD) ਅਤੇ ਸਕਿਜ਼ੋਇਡ ਪਰਸਨੈਲਿਟੀ ਡਿਸਔਡਰ (Schizoid Personality Disorder) ਸ਼ਾਮਿਲ ਹਨ। ਇਕੱਲਤਾ ਅਤੇ ਇੱਕਲਾਪੇ ਦੀ ਅਸਹਿਣਸ਼ੀਲਤਾ ਨੂੰ ਬੌਡਰਲਾਇਨ ਪਰਸਨੈਲੇਟੀ ਡਿਸਔਡਰ ਦੇ ਨਾਲ ਜੁੜਿਆ ਹੋਇਆ ਇੱਕ ਅਹਿਮ ਲੱਛਣ ਮੰਨਿਆ ਜਾਂਦਾ ਹੈ। ਇਕੱਲਤਾ, ਬੀ.ਪੀ.ਡੀ. ਦੇ ਨਾਲ ਜੁੜੇ ਬਾਕੀ ਹੋਰਨਾਂ ਲੱਛਣਾਂ ਨੂੰ ਵੀ ਸ਼ਦੀਦ ਬਣਾਉਂਦੀ ਹੈ।
ਇਕੱਲਤਾ ਤੇ ਇੱਕਲਾਪੇ ਦੇ ਨਾਲ ਜੁੜਿਆ ਹੋਇਆ ਤਨਾਅ, ਨੀਵੇਂ-ਪੱਧਰ ਦੀ ਬਾਹਰੀ ਸੋਜਿਸ਼ ਦਾ ਕਾਰਨ ਬਣ ਸਕਦਾ ਹੈ। ਤੇ ਇਹ ਜੋ ਨੀਵੇਂ ਜਾਂ ਹਲਕੇ ਪੱਧਰ ਦੀ ਬਾਹਰੀ ਸੋਜਿਸ਼ ਹੈ ਉਹ ਸਿੱਧੇ ਰੂਪ ਵਿੱਚ ਸੋਜਸ਼ਕਾਰੀ ਬਿਮਾਰੀਆਂ ਦੇ ਨਾਲ ਜੁੜੀ ਹੋਈ ਹੈ। ਇਹਨਾਂ ਸੋਜਸ਼ਕਾਰੀ ਬਿਮਾਰੀਆਂ ਦੇ ਵਿਚ ਸ਼ੂਗਰ ਅਤੇ ਔਟੋਇਮਿਊਨ ਡਿਸਔਡਰ ਜਿਵੇਂ ਕਿ ਗੱਠੀਆ (rheumatoid arthritis), ਲੂਪੱਸ (Lupus), ਅਤੇ ਹੋਰ ਦਿਲ ਦੀਆਂ ਬਿਮਾਰੀਆਏ ਸਬੰਧੀ ਰੋਗ ਅਤੇ ਹਾਇਪਰਟੈਂਸ਼ਨ (HTN) ਅਤੇ ਸਮੁੱਚੀ ਪੈਰੀਫ਼ੇਰਲ ਰਜ਼ਿਸਟੈਂਸ (TPR) ਆਦਿ ਸ਼ਾਮਿਲ ਹਨ। ਟੀ.ਪੀ.ਆਰ ਇੱਕ ਪ੍ਰਮੁੱਖ ਨਿਰਣਾਇਕ ਹੈ ਜੋ ਇਹ ਸੁਝਾਉਂਦਾ ਹੈ ਕਿ ਇਕੱਲਤਾ ਦੇ ਨਾਲ ਜੁੜਿਆ ਟੀ.ਪੀ.ਆਰ. ਦੇ ਵਿੱਚ ਵਾਧਾ ਉੱਚ ਰਕਤ ਚਾਪ ਦੀ ਬਿਮਾਰੀ ਦਾ ਸਬੱਬ ਬਣ ਸਕਦਾ ਹੈ।
ਇਕੱਲਤਾ ਅਤੇ ਇੱਕਲਾਪਾ ਸਾਡੀ ਸਮਾਜਿਕ ਸਲਾਮਤੀ ਦੇ ਪ੍ਰਮੁੱਖ ਸੂਚਕਾਂ ’ਚੋਂ ਇੱਕ ਹੈ। ਇਕੱਲਤਾ ਤੇ ਇੱਕਲਾਪਾ ਅਨੇਕਾਂ ਹੀ ਮਨੋਵਿਗਿਆਨਕ ਅਤੇ ਸ਼ਰੀਰਕ ਵਿਗਾੜਾਂ ਅਤੇ ਵਿਕਾਰਾਂ ਨੂੰ ਜਨਮ ਦੇ ਸਕਦੀ ਹੈ।
ਇਸ ਵਾਇਰਸ ਦੇ ਫ਼ੈਲਾਅ ਤੇ ਪ੍ਰਸਾਰ ਦੇ ਕਾਰਨ ਸਾਡੀ ਸਥਿਤੀ ਇੱਕ ਆਮ ਅਨਿਸ਼ਚਿਤਤਾ ਵਾਲੀ ਸਥਿਤੀ ਹੋ ਕੇ ਰਹਿ ਗਈ ਹੈ ਅਤੇ ਦੁਨੀਆਂ ਦੀ ਇਹ ਮੌਜੂਦਾ ਅਵਸਥਾ ਸਾਡੀਆਂ ਨੌਜਵਾਨ ਪੀੜ੍ਹੀਆਂ ਲਈ ਡਰ, ਭੈਅ ਅਤੇ ਤੌਖ਼ਲਾ ਪੈਦਾ ਕਰਨ ਵਾਲਾ ਪ੍ਰਤੀਤ ਹੁੰਦਾ ਹੈ ਕਿਉਂਕਿ ਇਨ੍ਹਾਂ ਨੌਜਵਾਨ ਪੀੜ੍ਹੀਆਂ ਨੇ ਆਪਣੀ ਜ਼ਿੰਦਗੀ ਵਿੱਚ ਅੱਜ ਤੱਕ ਕਦੇ ਵੀ ਕਿਸੇ ਅਜਿਹੀ ਆਲਮੀ ਵਿਪਤਾ ਜਾਂ ਵਿਸ਼ਵਵਿਆਪੀ ਮੁਸੀਬਤ ਦਾ ਸਾਹਮਣਾ ਨਹੀਂ ਕੀਤਾ ਹੈ। ਇੱਕਦਮ ਆਉਣ ਵਾਲੀ ਇਹ ਸਮਾਜਿਕ ਇਕੱਲਤਾ ਕੁਝ ਵਿਅਕਤੀਆਂ ਦੀ ਮਾਨਸਿਕ ਸਿਹਤ ਦੇ ਉੱਤੇ ਬੁਰਾ ਅਸਰ ਪਾਉਂਦੀ ਹੈ, ਇਹ ਕਹਿਣਾ ਸੀ ਡਾ. ਸਮਾਂਥਾ ਮੈਲਟਜ਼ਰ-ਬਰੌਡੀ ਦਾ, ਜੋ ਕਿ ਯੂ.ਐਨ.ਸੀ. ਦੇ ਸਕੂਲ ਆਫ਼ ਮੈਡੀਸਨ ਵਿੱਚ ਸਾਇਕਿਐਟਰੀ ਡਿਪਾਰਟਮੈਂਟ ਦੀ ਚੇਅਰਪਰਸਨ ਹਨ। ਇਹ ਪੂਰੀ ਤਰਾਂ ਸੁਭਾਵਿਕ ਤੇ ਕੁਦਰਤੀ ਹੈ ਕਿ ਜਨ ਸਾਧਾਰਨ ਇਸ ਸਥਿਤੀ ਵਿੱਚ ਆਪਣੇ ਆਪ ਨੂੰ ਦੁੱਖੀ ਅਤੇ ਤੰਗ ਮਹਿਸੂਸ ਕਰੇ ਅਤੇ ਨਾਲ ਇਹ ਵੀ ਕਿ ਲੋਕਾਂ ਵਿੱਚ ਕਿਸੇ ਚੀਜ਼ ਦੇ ਅਸਲੋਂ ਹੀ ਖੁੱਸ ਜਾਣ ਦਾ ਅਹਿਸਾਸ ਵੀ ਜਾਗੇ ਅਤੇ ਨਾਲ ਹੀ ਉਹਨਾਂ ਦੇ ਅੰਦਰ ਅੱਕੇਵਾਂ ਘਰ ਕਰ ਜਾਏ। ਇਸ ਅਨਿਸ਼ਚਿਤਤਾ ਅਤੇ ਅਲੱਗ-ਥਲੱਗਤਾ ਦਾ ਸਹੀ ਬੰਦੋਬਸਤ ਕਰਨਾ ਸਾਡੇ ਸਾਰਿਆਂ ਲਈ ਸੱਚਮੁੱਚ ਇਕ ਬਹੁਤ ਵੱਡੀ ਚੁਣੌਤੀ ਹੈ ਖਾਸ ਤੌਰ ’ਤੇ ਉਸ ਵੇਲੇ ਜਦੋਂ ਲੋਕਾਂ ਨੂੰ ਅਜਿਹੀਆਂ ਦਿਲ ਦਹਿਲਾ ਦੇਣ ਵਾਲੀਆਂ ਖਬਰਾਂ ਮਿਲਦੀਆਂ ਹਨ ਕਿ ਹੁਣ ਕੋਰੋਨਾਵਾਇਰਸ ਦੇ ਨਾਲ ਚੀਨ ਵਿਚ 3,281 ਮੌਤਾਂ ਹੋ ਚੁੱਕੀਆਂ ਹਨ, ਅਤੇ ਉਸ ਤੋਂ ਬਾਅਦ ਇਸ ਦਾ ਦੂਜਾ ਮਾਰੂ ਤੇ ਸ਼ਦੀਦ ਅਸਰ ਇਟਲੀ ਦੇ ਉੱਤੇ ਹੋਇਆ ਹੈ, ਜਿੱਥੇ 25 ਮਾਰਚ, 2020 ਤੱਕ 7,503 ਲੋਕ ਇਸ ਵਾਇਰਸ ਦੀ ਚਪੇਟ ਵਿੱਚ ਆਉਣ ਕਾਰਨ ਹਲਾਕ ਹੋ ਚੁੱਕੇ ਸਨ।12 26 ਮਾਰਚ 2020 ਤੱਕ ਭਾਰਤ ਵਿੱਚ ਵੀ ਇਸ ਵਾਇਰਸ ਦੇ ਸੰਕਰਮਣ ਦੇ 563 ਪ੍ਰਮਾਣਿਤ ਮਾਮਲੇ ਸਾਹਮਣੇ ਆ ਚੁੱਕੇ ਹਨ।12 ਜਿਨ੍ਹਾਂ ਲੋਕਾਂ ਨੂੰ ਮਾਮੂਲੀ ਸਿਰ-ਦਰਦ, ਕਚਿਆਣ ਜਾਂ ਖਾਂਸੀ – ਜ਼ੁਕਾਮ ਦੀ ਸ਼ਿਕਾਇਤ ਹੋ ਰਹੀ ਹੈ, ਉਹਨਾਂ ਨੂੰ ਵੀ ਇਹ ਡਰ ਸਤਾਉਣ ਲੱਗ ਪੈਂਦਾ ਹੈ ਕਿ ਉਹਨਾਂ ਨੂੰ ਕਿਧਰੇ ਕੋਵਿਡ – 19 ਦਾ ਸੰਕਰਮਣ ਨਾ ਹੋ ਗਿਆ ਹੋਵੇ। ਪਿਛਲੇ ਕੁਝ ਦਿਨਾਂ ਅਤੇ ਹਫ਼ਤਿਆਂ ਤੋਂ ਲੋਕਾਂ ਦੀਆਂ ਆਮ ਪ੍ਰਤੀਕਿਰਿਆਵਾਂ ਇਹ ਹਨ – ਆਪਣੀ ਸਿਹਤ ਅਤੇ ਸ਼ਰੀਰ ਦੀ ਪੁੱਜ ਕੇ ਜ਼ਿਆਦਾ ਨਿਗਰਾਨੀ ਰੱਖੇ ਜਾਣਾ, ਵਿਆਕੁਲ ਤੇ ਬੇਚੈਨ ਕਰਨ ਵਾਲੀਆਂ ਸੋਚਾਂ ਦਾ ਸਿਲਸਿਲਾ, ਧਿਆਨ ਕੇਂਦਰਿਤ ਕਰਨ ਦੇ ਵਿੱਚ ਮੁਸ਼ਕਿਲ ਦਾ ਪੇਸ਼ ਆਉਣਾ, ਰੋਜ਼-ਮੱਰਾ ਦੇ ਕੰਮ ਕਰਨ ਵਿੱਚ ਵੀ ਮੁਸ਼ਕਲਾਤ ਦਾ ਸਾਹਮਣਾ ਕਰਨਾ, ਖਾਣ-ਪੀਣ ਅਤੇ ਸੌਣ ਦੇ ਢੰਗ ਅਤੇ ਤੌਰ ਤਰੀਕਿਆਂ ਦੇ ਵਿੱਚ ਅਚਾਨਕ ਭਾਰੀ ਬਦਲਾਵ ਆਉਣਾ, ਗੁੱਸਾ, ਤੌਖਲਾ, ਚਿੰਤਾ, ਘਬਰਾਹਟ, ਆਪਣੇ ਆਪ ਲਈ ਮਜਬੂਰੀ ਦਾ ਅਹਿਸਾਸ, ਪੁਰਾਣੀਆਂ ਬਿਮਾਰੀਆਂ ਦਾ ਹੋਰ ਵੀ ਵਿਗੜ ਜਾਣਾ, ਦਵਾਈਆਂ ਦੇ ਵਧੇਰੇ ਇਸਤੇਮਾਲ, ਸ਼ਰਾਬ, ਤੰਬਾਕੂ, ਜਾਂ ਹੋਰਨਾਂ ਨਸ਼ਿਆਂ ਦਾ ਬੇਜਾ ਇਸਤੇਮਾਲ, ਸਮਾਜ ਤੋਂ ਆਪਣੇ ਆਪ ਨੂੰ ਅਲੱਗ – ਥਲੱਗ ਕਰ ਲੈਣਾ, ਅਵਸਾਦ, ਬੋਰੀਅਤ, ਅਕੇਵਾਂ, ਚਿੜਚਿੜਾਪਣ ਜਾਂ ਝੁੰਜਲਾਹਟ ਅਤੇ ਖੁਨਾਮੀ।