ਹੈਦਰਾਬਾਦ: ਦਿੱਲੀ ਦੇ ਨਿਜ਼ਾਮੂਦੀਨ 'ਚ ਮਰਕਜ 'ਚ ਸ਼ਾਮਲ ਹੋਣ ਵਾਲੇ ਛੇ ਲੋਕਾਂ ਦੀ ਤੇਲੰਗਾਨਾ 'ਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਤੇਲੰਗਾਨਾ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਪ੍ਰਸ਼ਾਸਨਕ ਅਧਿਕਾਰੀਆਂ ਨੇ ਵਿਸ਼ੇਸ਼ ਟੀਮਾਂ ਨਾਲ ਮ੍ਰਿਤਕ ਲੋਕਾਂ ਦੇ ਸੰਪਰਕ ਚ ਆਏ ਲੋਕਾਂ ਬਾਰੇ ਪਤਾ ਕਰ ਲਿਆ ਹੈ ਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਹੈ।
ਮਲੇਸ਼ੀਆ, ਇੰਡੋਨੇਸ਼ੀਆ, ਸਊਦੀ ਅਰਬ ਤੇ ਕਿਰਗਿਸਤਾਨ ਦੇਸ਼ਾਂ ਦੇ ਕਰੀਬ 2000 ਤੋਂ ਵੱਧ ਆਗੂਆਂ ਨੇ 1 ਤੋਂ 15 ਮਾਰਚ ਤੱਕ ਤਬਲੀਗ-ਏ-ਜਮਾਤ 'ਚ ਹਿੱਸਾ ਲਿਆ ਸੀ। 15 ਮਾਰਚ ਤੋਂ ਬਾਅਦ ਇਥੇ 1400 ਲੋਕ ਰੁਕੇ ਹੋਏ ਸੀ।
ਇਸ ਤੋਂ ਇਲਾਵਾ ਨਿਜ਼ਾਮੂਦੀਨ ਦੀ ਮਰਕਜ 'ਚ ਸ਼ਾਮਲ ਹੋਏ ਅੰਡੇਮਾਨ ਦੇ 9 ਲੋਕ ਤੇ ਉਨ੍ਹਾਂ ਚੋਂ ਇੱਕ ਦੀ ਪਤਨੀ ਕੋਰੋਨਾ ਨਾਲ ਪੀੜਤ ਮਿਲੀ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਇਸ ਗਰੁੱਪ 'ਚ ਸ਼ਾਮਲ 300 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਜਾਂਚ ਲਈ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ਚ ਲਿਜਾਇਆ ਗਿਆ।
ਦਿੱਲੀ ਸਰਕਾਰ ਨੇ ਪੁਲਿਸ ਨੂੰ ਮਰਕਜ ਦੇ ਮੌਲਾਨਾ ਵਿਰੁੱਧ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਦਿੱਲੀ ਸਰਕਾਰ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ 24 ਮਾਰਚ ਨੂੰ ਪੂਰੇ ਦੇਸ਼ 'ਚ ਕੋਰੋਨਾ ਕਾਰਨ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਹੋਟਲ, ਗੈਸਟਹਾਊਸ, ਹੋਸਟਲ ਵਰਗੇ ਹੋਰ ਸੰਸਥਾਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਸੋਸ਼ਲ ਡਿਸਟੈਂਸਿੰਗ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ।