ਨਵੀਂ ਦਿੱਲੀ: ਭਾਜਪਾ ਸਰਕਾਰ ਵੱਲੋਂ ਦੇਰ ਰਾਤ ਮਹਾਰਾਸ਼ਟਰ ਦੀ ਰਾਜਨੀਤੀ 'ਚ ਕੀਤੀ ਗਈ ਸਰਜੀਕਲ ਸਟਰਾਈਕ ਨਾਲ ਐਨਸੀਪੀ ਅਤੇ ਸ਼ਿਵ ਸੈਨਾ ਨੂੰ ਵੱਡਾ ਝਟਕਾ ਲਗਿਆ ਹੈ। ਜਿਸ ਤੋਂ ਬਾਅਦ ਐਨਸੀਪੀ ਮੁੱਖੀ ਸ਼ਰਦ ਪਵਾਰ ਅਤੇ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ।
ਸ਼ਰਦ ਪਵਾਰ ਦੀ ਪਾਰਟੀ ਵਰਕਰਾਂ ਨੂੰ ਚੇਤਾਵਨੀ, ਬਹੁਮੱਤ ਸਾਬਤ ਨਹੀਂ ਕਰ ਸਕਣਗੇ ਫੜਨਵੀਸ
ਐਨਸੀਪੀ ਮੁੱਖੀ ਸ਼ਰਦ ਪਵਾਰ ਅਤੇ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੇਵੇਂਦਰ ਫੜਨਵੀਸ ਸਦਨ ਵਿੱਚ ਬਹੁਮੱਤ ਸਾਬਤ ਨਹੀਂ ਕਰ ਸਕਣਗੇ।
ਸ਼ਰਦ ਪਵਾਰ ਨੇ ਕਿਹਾ ਕਿ ਨਾ ਤਾਂ ਐਨਸੀਪੀ ਦੇ ਵਿਧਾਇਕ ਅਤੇ ਨਾ ਹੀ ਵਰਕਰ ਭਾਜਪਾ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸੱਚੇ ਵਰਕਰ ਕਦੇ ਵੀ ਭਾਜਪਾ ਨਾਲ ਹੱਥ ਨਹੀਂ ਮਿਲਾਉਣਗੇ। ਅਸੀਂ ਭਾਜਪਾ ਦੇ ਵਿਰੁੱਧ ਹਾਂ। ਸ਼ਰਦ ਪਵਾਰ ਨੇ ਕਿਹਾ ਕਿ 10 ਤੋਂ 11 ਵਿਧਾਇਕ ਅਜੀਤ ਪਵਾਰ ਨਾਲ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਜੀਤ ਪਵਾਰ ਦੇ ਸਹੁੰ ਚੁੱਕਣ ਬਾਰੇ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ। ਫਿਲਹਾਲ ਹੁਣ ਕੌਣ ਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਉਨ੍ਹਾਂ ਨੇ ਕਿਹਾ ਕਿ ਵਿਧਾਇਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸ਼ਰਦ ਪਵਾਰ ਨੇ ਕਿਹਾ ਭਾਜਪਾ ਨੂੰ ਸਮਰਥਨ ਦੇਣ ਦਾ ਫੈਸਲਾ ਅਜੀਤ ਪਵਾਰ ਦਾ ਹੈ। ਅਸੀਂ ਇਸ ਦੇ ਹੱਕ ਵਿਚ ਬਿਲਕੁਲ ਵੀ ਨਹੀਂ ਹਾਂ। ਉਨ੍ਹਾਂ ਨੇ ਕਿਹਾ ਕਿ ਦੇਵੇਂਦਰ ਫੜਨਵੀਸ ਸਦਨ ਵਿੱਚ ਬਹੁਮੱਤ ਸਾਬਤ ਨਹੀਂ ਕਰ ਸਕਣਗੇ।
ਸ਼ਰਦ ਪਵਾਰ ਨੇ ਕਿਹਾ ਕਿ ਭਾਜਪਾ ਦਾ ਸਮਰਥਨ ਕਰਨ ਵਾਲੇ ਐਨਸੀਪੀ ਵਿਧਾਇਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਇਸ ਕਦਮ ‘ਤੇ ਐਂਟੀ-ਡਿਫੈਕਸ਼ਨ ਕਾਨੂੰਨ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਅਜੀਤ ਪਵਾਰ ਦਾ ਫੈਸਲਾ ਅਨੁਸ਼ਾਸਨਹੀਣ ਹੈ, ਕੋਈ ਵੀ ਐਨਸੀਪੀ ਵਰਕਰ ਐਨਸੀਪੀ-ਭਾਜਪਾ ਸਰਕਾਰ ਦੇ ਸਮਰਥਨ ਵਿੱਚ ਨਹੀਂ ਹੈ। ਇਸ ਦੇ ਨਾਲ ਹੀ ਪ੍ਰੈਸ ਕਾਨਫਰੰਸ ਵਿਚ ਐਨਸੀਪੀ ਵਿਧਾਇਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਜ ਭਵਨ ਲਿਜਾਇਆ ਗਿਆ ਸੀ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਸਹੁੰ ਚੁੱਕ ਸਮਾਗਮ ਲਈ ਉਨ੍ਹਾਂ ਨੂੰ ਲਿਜਾਇਆ ਜਾ ਰਿਹਾ ਹੈ। ਦੂਜੇ ਪਾਸੇ ਸੰਮੇਲਨ ਵਿੱਚ ਉਧਵ ਠਾਕਰੇ ਨੇ ਕਿਹਾ ਕਿ ਰਾਜ ਵਿਚ ਇੱਕ ਗੁਪਤ ਸਰਕਾਰ ਬਣਾਈ ਗਈ ਹੈ।