ਨਵੀਂ ਦਿੱਲੀ: ਸਵਾਮੀ ਚਿਨਮਯਾਨੰਦ ਉੱਤੇ ਅਗ਼ਵਾ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਵਿਦਿਆਰਥਣ ਨੂੰ ਰਾਜਸਥਾਨ ਤੋਂ ਬਰਾਮਦ ਕਰ ਲਿਆ ਗਿਆ ਹੈ। ਲੜਕੀ ਕੋਲੋਂ ਸੁਪਰੀਮ ਕੋਰਟ ਦੇ ਪਰਿਸਰ ਵਿੱਚ ਪੁੱਛਗਿੱਛ ਕੀਤੀ ਗਈ। ਖ਼ਬਰ ਮੁਤਾਬਕ ਸੁਪਰੀਮ ਕੋਰਟ ਦੇ ਜਸਟਿਸ ਆਰ.ਭਾਨੂੰਮਤੀ ਅਤੇ ਜਸਟਿਸ ਏ.ਐੱਸ ਬੋਪਨਾ ਨੇ ਪੀੜਤਾ ਦਾ ਪੱਖ ਸੁਣਿਆ।
ਇਸ ਮਾਮਲੇ ਵਿੱਚ ਯੋਗੀ ਸਰਕਾਰ ਵੱਲੋਂ ਸੌਲੀਸੀਟਰ ਜਨਰਲ ਵਿਕਰਮਜੀਤ ਬੈਨਰਜੀ ਸੁਣਵਾਈ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਪੁਲਿਸ ਨੇ ਦੱਸਿਆ ਕਿ ਕੋਰਟ ਦੇ ਹੁਕਮਾਂ ਮੁਤਾਬਕ ਕੁੜੀ ਨੂੰ ਕੋਰਟ ਲਿਆਂਦਾ ਗਿਆ ਹੈ। ਉਸ ਦੇ ਨਾਲ ਉਸ ਦਾ ਇੱਕ ਦੋਸਤ ਵੀ ਮੌਜੂਦ ਸੀ। ਪੁਲਿਸ ਮੁਤਾਬਕ ਦੋਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਵੱਲੋਂ ਲੜਕੀ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਡੀਜੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਯਾਨੰਦ ਨੇ ਐੱਫ਼ਆਈਆਰ ਦਰਜ ਕਰਵਾਈ ਹੈ। ਉਨ੍ਹਾਂ ਨੇ ਕੁੜੀ ਉੱਤੇ ਦੋਸ਼ ਲਾਇਆ ਹੈ ਕਿ ਲੜਕੀ ਉਨ੍ਹਾਂ ਕੋਲੋਂ 5 ਕਰੋੜ ਰੁਪਏ ਦੀ ਮੰਗ ਕਰ ਰਹੀ ਸੀ ਜਿਸ ਨੂੰ ਪੂਰਾ ਨਾ ਕੀਤੇ ਜਾਣ 'ਤੇ ਉਸ ਨੇ ਮਾਮਲੇ ਨੂੰ ਮੀਡੀਆ ਤੱਕ ਲਿਜਾਏ ਜਾਣ ਦੀ ਧਮਕੀ ਦਿੱਤੀ ਸੀ।
ਦੱਸਣਯੋਗ ਹੈ ਕਿ ਪੀੜਤਾ ਨੇ ਸੁਵਾਮੀ ਚਿਨਮਯਾਨੰਦ ਦੇ ਵਿਰੁੱਧ ਜਿਨਸੀ ਸੋਸ਼ਣ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਸੀ। ਪੀੜਤਾ ਨੇ ਸੋਸ਼ਲ ਮੀਡੀਆ ਰਾਹੀਂ ਖ਼ੁਦ ਦੇ ਬਦਹਾਲੀ ਵਿੱਚ ਜਿਉਣ ਦੀ ਗੱਲ ਵੀ ਆਖੀ। ਪੀੜਤਾ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਸੁਵਾਮੀ ਚਿਨਮਯਾਨੰਦ ਵੱਲੋਂ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਦੱਸਿਆ। ਇਸ ਮਾਮਲੇ ਵਿੱਚ ਪੀੜਤਾ ਦੇ ਪਿਤਾ ਨੇ ਵੀ ਸੁਵਾਮੀ ਚਿਨਮਯਾਨੰਦ ਵਿਰੁੱਧ ਅਗ਼ਵਾ ਕਰਨ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਹੈ।