ਨਵੀਂ ਦਿੱਲੀ: ਬੀਜੇਪੀ ਦੀ ਸਾਂਸਦ ਸਾਧਵੀ ਪ੍ਰੱਗਿਆ ਬੀਤੇ ਦਿਨੀਂ ਆਪਣੇ ਸੰਸਦ 'ਚ ਦਿੱਤੇ ਬਿਆਨ ਕਰਕੇ ਵਿਵਾਦਾਂ ਵਿੱਚ ਆ ਗਈ ਸੀ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਕਿਹਾ ਸੀ ਜਿਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਨਾਲ-ਨਾਲ ਬੀਜੇਪੀ ਨੇਤਾਵਾਂ ਨੇ ਵੀ ਇਸ ਬਿਆਨ ਦੀ ਨਿੰਦਾ ਕੀਤੀ ਸੀ।
ਅੱਜ ਸੰਸਦ ਵਿੱਚ ਸਾਧਵੀ ਪ੍ਰੱਗਿਆ ਨੇ ਆਪਣੇ ਵਿਵਾਦਿਤ ਬਿਆਨ ਦੀ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਅਤੇ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ ਤਾਂ ਉਹ ਉਸ ਲਈ ਮੁਆਫ਼ੀ ਮੰਗਦੀ ਹੈ।
ਦੱਸ ਦਈਏ ਕਿ ਮੁਆਫ਼ੀ ਮੰਗਦੇ ਸਮੇਂ ਵੀ ਸਾਧਵੀ ਪ੍ਰੱਗਿਆ ਦੇ ਤੇਵਰ ਸਾਫ਼-ਸਾਫ਼ ਦਿਖ ਰਹੇ ਸਨ। ਉਨ੍ਹਾਂ ਨੇ ਆਪਣੀ ਮੁਆਫ਼ੀ ਮੰਗਦੇ ਸਾਰ ਹੀ ਅੱਗੇ ਕਿਹਾ ਕਿ ਸੰਸਦ ਦੇ ਹੀ ਕਿਸੇ ਮੈਂਬਰ ਵੱਲੋਂ ਉਸ ਨੂੰ ਅੱਤਵਾਦੀ ਕਿਹਾ ਗਿਆ ਹੈ ਜਿਸ ਨਾਲ ਉਸ ਦੀਆਂ ਭਾਵਨਾਵਾਂ ਨੂੰ ਬੇਹੱਦ ਠੇਸ ਪਹੁੰਚੀ ਹੈ। ਸਾਧਵੀ ਨੇ ਕਿਹਾ ਕਿ ਅਦਾਲਤ ਨੇ ਉਸ ਨੂੰ ਕਿਸੇ ਮਾਮਲੇ ਵਿੱਚ ਦੋਸ਼ੀ ਕਰਾਰ ਨਹੀਂ ਕੀਤਾ ਹੈ। ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਅੱਤਵਾਦੀ ਕਹਿਣਾ ਇੱਕ ਕਾਨੂੰਨੀ ਜ਼ੁਰਮ ਹੈ।
ਇਹ ਵੀ ਪੜ੍ਹੋ: ਪੋਰਬੰਦਰ: ਭਾਰਤੀ ਨੇਵੀ 'ਚ 6ਵਾਂ ਡੋਰਨੀਅਰ ਏਅਰਕ੍ਰਾਫਟ ਸਕੁਐਡਰਨ ਸ਼ਾਮਲ ਕੀਤਾ ਗਿਆ
ਜ਼ਿਕਰਯੋਗ ਹੈ ਕਿ ਸਾਂਸਦ ਸਾਧਵੀ ਪ੍ਰਗਿਆ ਠਾਕੁਰ ਨੂੰ ਪਾਰਟੀ ਨੇ ਸ਼ੁੱਕਰਵਾਰ ਨੂੰ ਤਲਬ ਕਰ ਦਿੱਤਾ ਸੀ ਜਦੋਂ ਉਸ ਨੇ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੂੰ ਲੋਕ ਸਭਾ ਦੀ ਕਾਰਵਾਈ ਦੌਰਾਨ ਦੇਸ਼ ਭਗਤ ਦੱਸਿਆ। ਜਾਣਕਾਰੀ ਮੁਤਾਬਕ ਸਾਧਵੀ ਪ੍ਰਗਿਆ ਨੇ ਸ਼ੁੱਕਰਵਾਰ ਨੂੰ ਭਾਜਪਾ ਨੇਤਾ ਭੁਪੇਂਦਰ ਯਾਦਵ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਨੇ ਕਿਹਾ ਸੀ ਕਿ ਪਾਰਟੀ ਨੇ ਭੋਪਾਲ ਦੇ ਸੰਸਦ ਮੈਂਬਰ ਨੂੰ ਪਾਰਟੀ ਦੀਆਂ ਸੰਸਦੀ ਮੀਟਿੰਗਾਂ ਵਿੱਚ ਆਉਣ ਤੋਂ ਰੋਕਣ ਦਾ ਫੈਸਲਾ ਕੀਤਾ ਹੈ।