ਮੋਦੀ ਸਰਕਾਰ ਨੇ ਇਤਿਹਾਸਕ ਫ਼ੈਸਲਾ ਲੈਂਦੇ ਹੋਏ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੀ ਸਿਫਾਰਿਸ਼ ਕੀਤੀ ਹੈ। ਲੱਦਾਖ ਨੂੰ ਵੱਖਰਾ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ’ਚ ਆਖ਼ਰ ਸੰਵਿਧਾਨ ਦੀ ਧਾਰਾ 370 ਦੇ ਕੁਝ ਹਿੱਸੇ ਖ਼ਤਮ ਕਰਨ ਦਾ ਪ੍ਰਸਤਾਵ ਪੇਸ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ’ਚ ਧਾਰਾ 370 ਦੇ ਸਾਰੇ ਭਾਗ ਲਾਗੂ ਨਹੀਂ ਹੋਣਗੇ। ਇੰਝ ਹੁਣ ਇਸ ਵਿਵਾਦਗ੍ਰਸਤ ਧਾਰਾ ਨੂੰ ਖ਼ਤਮ ਕਰਨ ਲਈ ਪ੍ਰਕਿਰਿਆ ਬਾਕਾਇਦਾ ਸ਼ੁਰੂ ਹੋ ਗਈ ਹੈ।
ਜਿਵੇਂ ਹੀ ਅਮਿਤ ਸ਼ਾਹ ਨੇ ਧਾਰਾ 370 ਬਾਰੇ ਇਹ ਅਹਿਮ ਐਲਾਨ ਕੀਤਾ, ਤਿਵੇਂ ਹੀ ਵਿਰੋਧੀ ਧਿਰ ਦੇ ਇਕਜੁਟ ਮੈਂਬਰਾਂ ਨੇ ਸਦਨ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ।ਇਹ ਮਤਾ ਪੇਸ਼ ਕਰਨ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਆਗੂ, ਸਮੁੱਚੀ ਵਿਰੋਧੀ ਧਿਰ ਵੱਲੋਂ ਕੀਤੀ ਜਾਣ ਵਾਲੀ ਹਰੇਕ ਬਹਿਸ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਸਾਰੇ ਸੁਆਲਾਂ ਦੇ ਜੁਆਬ ਦੇਣ ਲਈ ਤਿਆਰ ਹਨ।
ਇਹ ਸਪੱਸ਼ਟ ਹੋ ਗਿਆ ਕਿ ਆਖ਼ਰ ਕਸ਼ਮੀਰ ਵਾਦੀ ਵਿੱਚ ਕੇਂਦਰ ਸਰਕਾਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਵੱਡੀ ਗਿਣਤੀ ’ਚ ਨੀਮ ਫ਼ੌਜੀ ਬਲਾਂ ਦੀਆਂ ਵਾਧੂ ਬਟਾਲੀਅਨਾਂ ਕਿਉਂ ਭੇਜੀਆਂ ਜਾ ਰਹੀਆਂ ਸਨ।ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਸ਼ਾਇਦ ਅੱਤਵਾਦੀਆਂ ਵਿਰੁੱਧ ਕੋਈ ਕਾਰਵਾਈ ਕੀਤੀ ਜਾਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਕਸ਼ਮੀਰ ਦੀ ਆਵਾਮ ਤੇ ਉੱਥੋਂ ਦੇ ਸਿਆਸੀ ਆਗੂਆਂ ਦਾ ਕੇਂਦਰ ਸਰਕਾਰ ਦੇ ਇਸ ਐਲਾਨ ਉੱਤੇ ਕੀ ਪ੍ਰਤੀਕਰਮ ਹੋਵੇਗਾ।