ਨਵੀਂ ਦਿੱਲੀ: ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਪੈਨਲ ਨੇ ਸਨਿੱਚਰਵਾਰ ਨੂੰ ਕੋਵਿਡ -19 ਦੇ ਟੀਕੇ ਕੋਵੈਕਸਿਨ ਦੇ ਮਨੁੱਖਾਂ 'ਤੇ ਟੈਸਟ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਇਸ ਦੇ ਲਈ ਏਮਜ਼ ਅੱਜ ਤੋਂ ਟੈਸਟ ਵਿਚ ਸ਼ਾਮਲ ਹੋਣ ਦੇ ਚਾਹਵਾਨ ਸਿਹਤਮੰਦ ਲੋਕਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰੇਗਾ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕੋਵੈਕਸਿਨ ਦੇ ਮਨੁੱਖੀ ਪ੍ਰੀਖਣ ਦੇ ਪਹਿਲੇ ਅਤੇ ਦੂਜੇ ਪੜਾਅ ਲਈ ਦਿੱਲੀ ਅਧਾਰਤ ਏਮਜ਼ ਸਮੇਤ 12 ਸੰਸਥਾਵਾਂ ਦੀ ਚੋਣ ਕੀਤੀ ਹੈ।
ਪਹਿਲੇ ਪੜਾਅ ਵਿਚ ਟੀਕੇ ਦਾ ਟੈਸਟ 375 ਵਿਅਕਤੀਆਂ 'ਤੇ ਕੀਤਾ ਜਾਵੇਗਾ, ਜਿਨ੍ਹਾਂ ਵਿਚੋਂ ਵੱਧ ਤੋਂ ਵੱਧ 100 ਲੋਕ ਏਮਜ਼ ਦੇ ਹੋ ਸਕਦੇ ਹਨ। ਟੈਸਟ ਵਿੱਚ ਭਾਗ ਲੈਣ ਦੇ ਚਾਹਵਾਨ ਏਮਜ਼ ਦੀ ਵੈਬਸਾਈਟ ਉੱਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਏਮਜ਼ ਵਿੱਚ ਕਮਿਊਨਿਟੀ ਮੈਡੀਸਨ ਸੈਂਟਰ ਦੇ ਪ੍ਰੋਫੈਸਰ ਡਾ. ਸੰਜੇ ਰਾਏ ਨੇ ਕਿਹਾ ਕਿ ਏਮਜ਼ ਦੀ ਨੈਤਿਕਤਾ ਕਮੇਟੀ ਨੇ ਅੱਜ ਕੋਵੈਕਸਿਨ ਦੇ ਮਨੁੱਖੀ ਪ੍ਰੀਖਣ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।