ਨਵੀਂ ਦਿੱਲੀ: ਰਾਜ ਸਭਾ ਮੈਂਬਰ ਅਤੇ ਸਮਾਜਵਾਦੀ ਪਾਰਟੀ ਦੇ ਸਾਬਕਾ ਨੇਤਾ ਅਮਰ ਸਿੰਘ ਦਾ ਸ਼ਨੀਵਾਰ ਦੁਪਹਿਰ ਨੂੰ 64 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।
ਅਮਰ ਸਿੰਘ ਗੁਰਦਿਆਂ ਦੀ ਤਕਲੀਫ ਕਾਰਨ ਲੰਬੇ ਅਰਸੇ ਤੋਂ ਬਿਮਾਰ ਸਨ ਅਤੇ ਕੁਝ ਮਹੀਨਿਆਂ ਤੋਂ ਸਿੰਗਾਪੁਰ ਦੇ ਮਾਊਂਟ ਐਲਿਜ਼ਾਬੈਥ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਸਾਲ 2013 ਵਿੱਚ ਉਨ੍ਹਾਂ ਦੇ ਗੁਰਦੇ ਫੇਲ ਹੋ ਗਏ ਸਨ।
ਜਾਣਕਾਰੀ ਮੁਤਾਬਕ ਅਮਰ ਸਿੰਘ ਆਈਸੀਯੂ ਵਿੱਚ ਸਨ ਅਤੇ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਨਾਲ ਸਿੰਗਾਪੁਰ ਵਿੱਚ ਮੌਜੂਦ ਸੀ। ਅਮਰ ਸਿੰਘ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਪੰਕਜਾ ਅਤੇ 2 ਜੁੜਵਾ ਬੇਟੀਆਂ ਹਨ।
1996 'ਚ ਪਹਿਲੀ ਵਾਰ ਰਾਜ ਸਭਾ ਮੈਂਬਰ ਬਣੇ
27 ਜਨਵਰੀ 1956 ਨੂੰ ਅਲੀਗੜ੍ਹ ਵਿੱਚ ਪੈਦਾ ਹੋਏ ਅਮਰ ਸਿੰਘ ਨੇ ਕੋਲਕਾਤਾ ਦੇ ਸੇਂਟ ਜ਼ੇਵੀਅਰਸ ਕਾਲਜ ਵਿੱਚ ਕਾਨੂੰਨ ਦੀ ਪੜਾਈ ਕੀਤੀ ਸੀ। ਅਮਰ ਸਿੰਘ ਸਾਲ 1996 ਵਿੱਚ ਪਹਿਲੀ ਵਾਰ ਰਾਜ ਸਭਾ ਲਈ ਚੁਣੇ ਗਏ। ਆਪਣੇ ਸਿਆਸੀ ਸਫ਼ਰ ਦੌਰਾਨ ਅਮਰ ਸਿੰਘ ਕਈ ਸੰਸਦੀ ਕਮੇਟੀਆਂ ਦੇ ਮੈਂਭਰ ਵੀ ਰਹੇ।
ਮੁਲਾਯਮ ਸਿੰਘ ਨਾਲ ਮਿੱਤਰਤਾ
ਇੱਕ ਜ਼ਮਾਨਾ ਸੀ ਜਦੋਂ ਅਮਰ ਸਿੰਘ ਸਮਾਜਵਾਦੀ ਪਾਰਟੀ ਦੇ ਦਿੱਗਜ ਆਗੂ ਮੰਨੇ ਜਾਂਦੇ ਸੀ। ਅਮਰ ਸਿੰਘ ਨੂੰ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਯਮ ਸਿੰਘ ਦੇ ਕਰੀਬੀ ਵਜੋਂ ਦੇਖਿਆ ਜਾਂਦਾ ਸੀ। ਪਰ ਉਨ੍ਹਾਂ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਾਂਗਰਸ ਪਾਰਟੀ ਤੋਂ ਕੀਤੀ ਸੀ।
ਅਮਰ ਸਿੰਘ ਦਾ ਆਖਰੀ ਟਵੀਟ
ਅਮਰ ਸਿੰਘ ਨੇ ਸ਼ਨੀਵਾਰ ਨੂੰ ਆਪਣੀ ਮੌਤ ਤੋਂ ਕੁੱਝ ਘੰਟੇ ਪਹਿਲਾਂ ਮਹਾਨ ਆਜ਼ਾਦੀ ਘੁਲਾਟੀਏ ਬਾਲ ਗੰਗਾਧਰ ਤਿਲਕ ਦੀ ਬਰਸੀ ਮੌਕੇ ਟਵੀਟ ਕਰ ਸ਼ਰਧਾਂਜਲੀ ਦਿੱਤੀ ਸੀ।