ਚੰਡੀਗੜ੍ਹ: ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਕੋਲਕਾਤਾ ਪੁਲਿਸ ਦੀ ਸਿੱਖ ਨਾਲ ਕੁੱਟਮਾਰ ਦੀ ਘਟਨਾ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਕੀ ਹੈ ਮਾਮਲਾ
ਵੀਰਵਾਰ ਨੂੰ ਕੋਲਕਾਤਾ ਵਿੱਚ ਭਾਜਪਾ ਦੇ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਵੱਲੋਂ ਇੱਕ ਸਿੱਖ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲੈਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਸਬੰਧੀ ਭਾਜਪਾ ਦਾ ਦੋਸ਼ ਹੈ ਕਿ ਕੋਲਕਾਤਾ ਪੁਲਿਸ ਨੇ ਪੰਜਾਬ ਦੇ ਬਠਿੰਡਾ ਦੇ ਰਹਿਣ ਵਾਲੇ 43 ਸਾਲਾ ਸਿੱਖ ਬਲਵਿੰਦਰ ਸਿੰਘ ਦੀ ਪੱਗ ਖਿੱਚ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹ ਘਟਨਾ ਹਾਵੜਾ ਮੈਦਾਨ ਇਲਾਕੇ ਦੀ ਹੈ।
ਦੱਸ ਦਈਏ, ਬਲਵਿੰਦਰ ਸਿੰਘ ਕੋਲ 9 ਐਮਐਮ ਦੀ ਇੱਕ ਪਿਸਤੌਲ ਵੀ ਜ਼ਬਤ ਕੀਤੀ ਗਈ। ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਉਨ੍ਹਾਂ ਨੇ ਪਿਸਤੌਲ ਦਾ ਲਾਇਸੈਂਸ ਵੀ ਦਿਖਾਇਆ ਜਿਸ ਦੀ ਮਿਆਦ ਅਗਲੇ ਸਾਲ ਜਨਵਰੀ ਤੱਕ ਹੈ। ਬਲਵਿੰਦਰ ਸਿੰਘ ਭਾਰਤੀ ਫ਼ੌਜ ਦੇ ਇੱਕ ਸਾਬਕਾ ਫ਼ੌਜੀ ਵੀ ਹਨ, ਜੋ ਕਿ ਰਾਸ਼ਟਰੀ ਰਾਈਫ਼ਲਜ਼ ਬਟਾਲੀਅਨ ਵਿੱਚ ਆਪਣੀ ਸੇਵਾਵਾਂ ਦੇ ਚੁੱਕੇ ਹਨ।
ਹਾਲਾਂਕਿ ਹਾਵੜਾ ਪੁਲਿਸ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਜਾਣਬੁੱਝ ਕੇ ਪੱਗ ਖਿੱਚਣ ਦਾ ਕੋਈ ਇਰਾਦਾ ਨਹੀਂ ਸੀ। ਪਰ ਪੁਲਿਸ ਦੇ ਨਾਲ ਬਲਵਿੰਦਰ ਸਿੰਘ ਦੀ ਝੜਪ ਦਾ ਸ਼ੁੱਕਰਵਾਰ ਨੂੰ ਇੱਕ ਵੀਡੀਓ ਵਾਇਰਲ ਹੋ ਗਿਆ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਉਨ੍ਹਾਂ ਦੀ ਪੱਗ ਖਿੱਚੀ ਗਈ ਤੇ ਉਨ੍ਹਾਂ ਦੇ ਜ਼ਮੀਨ 'ਤੇ ਡਿੱਗਣ ਤੋਂ ਬਾਅਦ ਵੀ ਪੁਲਿਸ ਉਨ੍ਹਾਂ ਨੂੰ ਕੁੱਟਦੀ ਰਹੀ। ਇਸ ਤੋਂ ਬਾਅਦ ਹੰਗਾਮਾ ਹੋ ਗਿਆ।
ਕੋਲਕਾਤਾ ਵਿੱਚ ਸਿੱਖ ਦੀ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਣ 'ਤੇ ਸ਼੍ਰੋਮਣੀ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਖਿਡਾਰੀਆਂ ਤੇ ਹੋਰਾਂ ਨੇ ਵੀ ਨਿਖੇਧੀ ਕੀਤੀ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਵੀਰਵਾਰ ਨੂੰ ਭਾਜਪਾ ਦੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਕੋਰੋਨਾ ਤੇ ਸਮਾਜਿਕ ਦੂਰੀਆਂ ਨੂੰ ਨਜ਼ਰਅੰਦਾਜ ਕਰਦਿਆਂ ਬੰਗਾਲ ਸਰਕਾਰ ਦੇ ਸਕੱਤਰੇਤ ‘ਨਾਬਨਾ’ ਦੇ ਬਾਹਰ ਵੱਡੀ ਗਿਣਤੀ ਵਿੱਚ ਭਾਜਪਾ ਦੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ। ਵੀਡੀਓ ਫੁਟੇਜ ਵਿਚ ਵੇਖਿਆ ਜਾ ਸਕਦਾ ਹੈ ਕਿ ਪੁਲਿਸ ਦੰਗਾ ਵਿਰੋਧੀ ਵਰਦੀ ਵਿਚ ਹੈ ਅਤੇ ਅੱਥਰੂ ਗੈਸ ਅਤੇ ਵਾਟਰ ਕੈਨਨ ਦੀ ਮਦਦ ਨਾਲ ਪੱਥਰਬਾਜ਼ੀ ਕਰਨ ਵਾਲੀ ਭੀੜ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਸਰਕਾਰ ਵੱਲੋਂ ਵੱਡੇ ਪੱਧਰ 'ਤੇ ਲੋਕਾਂ ਦੇ ਇਕੱਠ 'ਤੇ ਰੋਕ ਦੇ ਆਦੇਸ਼ ਦੀ ਉਲੰਘਣਾ ਕਰਦਿਆਂ ਭਾਜਪਾ ਨੇ 'ਨਾਬਨਾ ਚਲੋ' ਮਾਰਚ ਕੱਢਿਆ। ਭਾਜਪਾ ਯੁਵਾ ਮੋਰਚੇ ਦੇ ਨਵੇਂ ਪ੍ਰਧਾਨ ਤੇਜਸ਼ਵੀ ਸੂਰਿਆ ਵੀ ਇਸ ਪ੍ਰਦਰਸ਼ਨ ਵਿਚ ਹਿੱਸਾ ਲੈਣ ਪਹੁੰਚੇ ਸਨ, ਜਿਸ ਨੂੰ ਰਾਜਧਾਨੀ ਕੋਲਕਾਤਾ ਵਿਚ ਪਾਰਟੀ ਦੇ ਸ਼ਕਤੀਸ਼ਾਲੀ ਪ੍ਰਦਰਸ਼ਨ ਵਜੋਂ ਵੇਖਿਆ ਜਾ ਰਿਹਾ ਸੀ।
ਦੁਪਹਿਰ ਤੋਂ ਬਾਅਦ, ਭਾਜਪਾ ਨੇ ਤਿੰਨ ਮਾਰਚ ਕੱਢੇ, ਇਹ ਸਾਰੇ ਸੂਬਾ ਸਕੱਤਰੇਤ ਵੱਲ ਵੱਧ ਰਹੇ ਸਨ। ਉਨ੍ਹਾਂ ਵਿਚੋਂ ਸਭ ਤੋਂ ਵੱਡਾ ਜਿਹੜਾ ਮੈਦਾਨ ਵਿੱਚ ਅੱਗੇ ਵੱਧ ਰਿਹਾ ਸੀ, ਉਸ ਦੀ ਅਗਵਾਈ ਤੇਜਸਵੀ ਸੂਰਿਆ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੂੰ ਸੜਕ ਦੇ ਵਿਚਕਾਰ ਹੀ ਰੋਕ ਲਿਆ ਗਿਆ, ਜਿਸ ਕਾਰਨ ਨਾਰਾਜ਼ ਭਾਜਪਾ ਸਮਰਥਕਾਂ ਨੇ ਪੁਲਿਸ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਜਦੋਂ ਉਨ੍ਹਾਂ ਨੇ ਬੈਰੀਕੇਡਾਂ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ, ਤਾਂ ਪੁਲਿਸ ਨੇ ਅੱਥਰੂ ਗੈਸ ਦੀ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ।