ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਘਰ ਦੀਆਂ ਕੰਧਾਂ ਟੱਪ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਅਧਿਕਾਰੀ ਸਮੇਤ ਸੀਬੀਆਈ ਦੇ 28 ਅਧਿਕਾਰੀਆਂ ਨੂੰ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਸ਼ਨੀਵਾਰ ਦੀ ਸ਼ਾਮ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ ਆਈਐੱਨਐੱਕਸ ਮੀਡੀਆ ਮਾਮਲੇ ਵਿੱਚ ਚਿਦੰਬਰਮ ਨੂੰ ਗ੍ਰਿਫ਼ਤਾਰ ਕਰਨ ਵਾਲੇ ਡਿਪਟੀ ਐੱਸਪੀ ਰਾਮਾਸਵਾਮੀ ਪਾਰਥਾਸਾਰਥੀ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਪਾਰਥਾਸਾਰਥੀ ਨੇ ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਦੇ ਸੰਯੁਕਤ ਡਾਇਰੈਕਟਰ ਧਰੇਂਦਰ ਸ਼ੰਕਰ ਸ਼ੁਕਲਾ ਨੂੰ ਵੱਖਰੀ ਸੇਵਾ ਲਈ ਰਾਸ਼ਟਰਪਤੀ ਦਾ ਪੁਲਿਸ ਮੈਡਲ ਦਿੱਤਾ ਗਿਆ ਹੈ। ਉਨ੍ਹਾਂ ਨੇ ਮੁੰਬਈ ਦੇ ਇੱਕ ਪੱਤਰਕਾਰ ਦੇ ਕਤਲ ਦੀ ਸਫ਼ਲ਼ਤਾਪੂਰਵਕ ਜਾਂਚ ਕੀਤੀ ਅਤੇ ਉਸ ਟੀਮ ਦੀ ਅਗਵਾਈ ਕੀਤੀ ਜੋ ਭਾਰਤੀ ਨਾਗਰਿਕ ਰੋਸ਼ਨ ਅੰਸਾਰੀ ਨੂੰ ਯੂਏਈ ਤੋਂ ਭਾਰਤ ਲੈ ਕੇ ਆਈ ਸੀ।
ਉਨ੍ਹਾਂ ਨੇ ਗੁਰਮੀਤ ਰਾਮ ਰਹੀਮ ਦੇ ਚੇਲਿਆਂ ਨਾਲ ਜੁੜੇ ਕੇਸ ਦੀ ਵੀ ਪੜਤਾਲ ਕੀਤੀ ਸੀ। ਜਿਨ੍ਹਾਂ ਅਫ਼ਸਰਾਂ ਨੂੰ ਵੱਖਰੀ ਸੇਵਾ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿੱਚੋਂ ਬਿਨੈ ਕੁਮਾਰ, ਮਨੋਜ ਵਰਮਾ, ਨਿਰਭੈ ਕੁਮਾਰ, ਰਵੀ ਨਾਰਾਇਣ ਤ੍ਰਿਪਾਠੀ, ਮੁਕੇਸ਼ ਵਰਮਾ, ਨਿਤੇਸ਼ ਕੁਮਾਰ, ਬਰੁਣ ਕੁਮਾਰ ਸਰਕਾਰ, ਨਾਰਾਇਣ ਚੰਦਰ ਸਾਹੂ, ਨੰਦ ਕਿਸ਼ੋਰ, ਨੂਰ ਅਲੀ ਸ਼ੇਖ ਅਤੇ ਰੋਹਿਤਾਸ਼ ਕੁਮਾਰ ਧਿਨਵਾ ਸ਼ਾਮਲ ਹਨ।