ਨਵੀਂ ਦਿੱਲੀ: ਮੋਦੀ ਸਰਕਾਰ ਨੂੰ ਜਿੱਤ ਦੇ ਰਾਹੇ ਪਾਉਣ ਵਾਲੇ ਰਾਜਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਾਥ ਦੇਣਗੇ। ਦਿੱਲੀ ਵਿੱਚ ਹੋਣ ਵਾਲੀਆਂ ਆਮ ਚੋਣਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ।
ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੀ ਕੰਪਨੀ ਆਈ ਪੈਕ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਲਈ ਕੰਮ ਕਰੇਗੀ। ਦੱਸਦਈਏ ਕਿ ਆਈ ਪੈਕ (ਇੰਡੀਅਨ ਪਾਲਟਿਕਸ ਐਕਸ਼ਨ ਕਮੇਟੀ) ਪ੍ਰਸ਼ਾਂਤ ਕਿਸ਼ੋਰ ਦੀ ਸੰਸਥਾ ਹੈ, ਜੋ ਕਿ ਚੋਣ ਪ੍ਰਬੰਧਨ ਦਾ ਕੰਮ ਕਰਦੀ ਹੈ।
ਕੇਜਰੀਵਾਲ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਮਨੀਸ਼ ਸਿਸੋਦੀਆ ਨੇ ਲਿੱਖਿਆ ਕਿ, ਅਬਕੀ ਬਾਰ 67 ਪਾਰ...।
ਉੱਥੇ ਹੀ ਆਈਪੈਕ ਨੇ ਵੀ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਕੇਜਰੀਵਾਲ ਦੇ ਲਈ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਫੋਰਸ ਵਿੱਚ ਸ਼ਾਮਲ ਹੋ ਰਹੇ ਹਾਂ।
ਦੱਸ ਦਈਏ ਕਿ 2014 ਦੀਆਂ ਲੋਕ ਸਭਾ ਚੋਣ ਵਿੱਚ ਭਾਜਪਾ ਦੀ ਮੁਹਿੰਮ ਅਤੇ ਜਿੱਤ ਦੇ ਪਿੱਛੇ ਪ੍ਰਸ਼ਾਂਤ ਕਿਸ਼ੋਰ ਇੱਕ ਵੱਡੇ ਹੀਰੋ ਦੇ ਰੂਪ ਵਿੱਚ ਸਾਹਮਣੇ ਆਏ ਸਨ। ਇਸ ਦੇ ਨਾਲ ਪ੍ਰਸ਼ਾਂਤ ਨੇ 2017 ਵਿੱਚ ਪੰਜਾਬ 'ਚ ਹੋਈਆਂ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਦਾ ਸਾਥ, ਬਿਹਾਰ ਵਿੱਚ ਮਹਾਂਗਠਜੋੜ, ਤੇਲੰਗਾਨਾ ਵਿੱਚ ਟੀਆਰਐਸ ਅਤੇ ਹਾਲ ਹੀ ਵਿੱਚ ਮਹਾਰਾਸ਼ਟਰ ਚੋਣਾਂ ਵਿੱਚ ਊਧਵ ਠਾਕਰੇ ਦੇ ਲਈ ਚੋਣਾਂ ਦਾ ਪ੍ਰਬੰਧਨ ਵੀ ਕੀਤਾ ਸੀ।