ਅਯੁੱਧਿਆ: ਸ਼੍ਰੀ ਰਾਮ ਜਨਮ ਭੂਮੀ ਵਿਖੇ ਵਿਸ਼ਾਲ ਰਾਮ ਮੰਦਿਰ ਲਈ ਭੂਮੀ ਪੂਜਨ ਸਬੰਧੀ ਟਰੱਸਟ ਨੇ ਅੰਤਿਮ ਫੈਸਲਾ ਲੈ ਲਿਆ ਹੈ। ਇਸ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਸ੍ਰੀ ਮਨੀ ਰਾਮਦਾਸ ਛਾਉਣੀ ਵੱਲੋਂ ਰਾਮ ਮੰਦਰ ਦੇ ਨੀਂਹ ਪੱਥਰ ਲਈ 40 ਕਿੱਲੋ ਦੀ ਚਾਂਦੀ ਦੀ ਇੱਟ ਸਮਰਪਿਤ ਕੀਤੀ ਗਈ ਹੈ। ਟਰੱਸਟ ਦਾ ਕਹਿਣਾ ਹੈ ਕਿ ਭੂਮੀ ਪੂਜਨ ਵਿੱਚ ਪ੍ਰਧਾਨ ਮੰਤਰੀ ਦੇ ਨਾਲ-ਨਾਲ ਰਾਮ ਮੰਦਰ ਲਹਿਰ ਨਾਲ ਜੁੜੇ ਲੋਕਾਂ ਅਤੇ ਸੀਨੀਅਰ ਭਾਜਪਾ ਨੇਤਾਵਾਂ ਨੂੰ ਸੱਦਿਆ ਜਾਵੇਗਾ।
5 ਅਗਸਤ ਤੱਕ ਕੀਤੀ ਜਾ ਸਕਦੀ ਹੈ ਭੂਮੀ ਪੂਜਾ
ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ 18 ਜੁਲਾਈ ਨੂੰ ਹੋਈ ਮੀਟਿੰਗ ਵਿੱਚ ਮੰਦਰ ਨਿਰਮਾਣ ਦੇ ਭੂਮੀ ਪੂਜਨ ਸਬੰਧੀ ਸਥਿਤੀ ਨੂੰ ਸਪਸ਼ਟ ਕੀਤਾ ਹੈ। ਟਰੱਸਟ ਵੱਲੋਂ ਮੰਦਰ ਦੇ ਭੂਮੀ ਪੂਜਨ ਲਈ ਤਰੀਕਾਂ ਨਿਰਧਾਰਤ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਇੱਕ ਤਾਰੀਕ ‘ਤੇ ਭੂਮੀ ਪੂਜਨ ਨੂੰ ਨਿਸ਼ਚਤ ਮੰਨਿਆ ਜਾ ਰਿਹਾ ਹੈ। ਇਹ ਕਿਆਸ ਲਗਾਏ ਜਾ ਰਹੇ ਹਨ ਕਿ 5 ਅਗਸਤ ਨੂੰ ਰਾਮ ਮੰਦਰ ਦੇ ਭੂਮੀ ਪੂਜਨ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਅਤੇ ਵਿਨੈ ਕਟਿਆਰ ਵਰਗੇ ਕਈ ਦਿਗੱਜ ਸ਼ਾਮਲ ਹੋ ਸਕਦੇ ਹਨ। ਉਥੇ ਹੀ ਟਰੱਸਟ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਰੋਨਾ ਕਾਲ ਦੇ ਕਾਰਨ, ਰਾਮ ਮੰਦਰ ਭੂਮੀ ਪੂਜਨ ਵਿੱਚ ਲੋਕਾਂ ਦਾ ਜ਼ਿਆਦਾ ਇਕੱਠ ਨਾ ਹੋਵੇ। ਵੀਵੀਆਈਪੀਜ਼ ਦੀ ਗਿਣਤੀ ਵੀ ਇਸ ਲਈ ਸੀਮਿਤ ਕੀਤੀ ਗਈ ਹੈ। ਇਹ ਕਿਹਾ ਜਾ ਰਿਹਾ ਹੈ ਕਿ ਵੀਵੀਆਈਪੀਜ਼ ਦੀ ਗਿਣਤੀ 50 ਤੱਕ ਸੀਮਿਤ ਰਹੇਗੀ, ਤਾਂ ਜੋ ਸਮਾਜਕ ਦੂਰੀ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।