ਨਵੀਂ ਦਿੱਲੀ: ਐਤਵਾਰ ਨੂੰ ਪਾਕਿਸਤਾਨ ਤੋਂ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਾਂਸਦ ਡਾ. ਰਮੇਸ਼ ਕੁਮਾਰ ਵੰਕਵਾਨੀ ਕੁੰਭ ਮੇਲੇ 'ਚ ਇਸ਼ਨਾਨ ਕਰਨ ਲਈ ਭਾਰਤ ਦੌਰੇ 'ਤੇ ਆਏ। ਇਸ ਦੌਰਾਨ ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਿਆਨ ਨੂੰ ਦਹੁਰਾਉਂਦਿਆਂ ਕਿਹਾ ਕਿ ਪੁਲਵਾਮਾ ਹਮਲੇ 'ਚ ਪਾਕਿਤਾਸਨ ਦਾ ਹੱਥ ਨਹੀਂ ਹੈ।
ਭਾਰਤ ਦੌਰੇ 'ਤੇ ਆਏ ਪਾਕਿ ਸਾਂਸਦ ਡਾ. ਰਮੇਸ਼ ਕੁਮਾਰ ਵੰਕਵਾਨੀ ਨੇ ਕੁੰਭ 'ਚ ਇਸ਼ਨਾਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੁਸ਼ਮਾ ਸਵਰਾਜ ਅਤੇ ਵਿਦੇਸ਼ ਰਾਜ ਮੰਤਰੀ ਜਨਰਲ ਵੀਕੇ ਸਿੰਘ ਨਾਲ ਮੁਲਾਕਾਤ ਕੀਤੀ।
ਡਾ. ਰਮੇਸ਼ ਕੁਮਾਰ ਵੰਕਵਾਨੀ ਨੇ ਕਿਹਾ, "ਗਰਮਜੋਸ਼ੀ ਨਾਲ ਹੋਏ ਸਵਾਗਤ ਲਈ ਮੈਂ ਭਾਰਤ ਦੀ ਸਰਕਾਰ ਦਾ ਧੰਨਵਾਦ ਕਰਦਾ ਹਾਂ। ਮੈਂ ਵੀਕੇ ਸਿੰਘ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਸੁਸ਼ਮਾ ਸਵਰਾਜ ਨਾਲ ਵਿਚਾਰ-ਚਰਚਾ ਕੀਤੀ। ਮੈਂ ਭਰੋਸਾ ਦਵਾਉਂਦਾ ਹਾਂ ਕਿ ਪੁਲਵਾਮਾ ਹਮਲੇ 'ਚ ਪਾਕਿਸਤਾਨ ਦੀ ਕੋਈ ਭੂਮਿਕਾ ਨਹੀਂ ਹੈ। ਸਾਨੂੰ ਅੱਗੇ ਵਧਣਾ ਚਾਹੀਦਾ ਹੈ ਅਤੇ ਅਸੀਂ ਸ਼ਾਂਤੀ ਚਾਹੁੰਦੇ ਹਾਂ।"
ਦੱਸ ਦਈਏ ਕਿ ਸਾਂਸਦ ਰਮੇਸ਼ ਕੁਮਾਰ ਵੰਕਵਾਨੀ ਇੱਕ ਵਿਦੇਸ਼ੀ ਵਫ਼ਦ ਦਾ ਹਿੱਸਾ ਹਨ ਜਿਸ ਨੂੰ ਸਾਲ 2019 'ਚ ਕੁੰਭ ਮੇਲੇ ਵਿੱਚ ਹਿੱਸਾ ਲੈਣ ਲਈ ਭਾਰਤੀ ਸੱਭਿਆਚਾਰਕ ਸੰਮੇਲਨ ਨੇ ਸੱਦਾ ਦਿੱਤਾ ਸੀ।