ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜੰਮੂ-ਕਸ਼ਮੀਰ ਵਿੱਚ ਰੋਕੀ ਗਈ ਅਮਰਨਾਥ ਯਾਤਰਾ, ਸੈਲਾਨੀਆਂ ਨੂੰ ਵਾਪਸ ਭੇਜਣ ਦੀ ਅਡਵਾਇਜ਼ਰੀ ਅਤੇ ਧਾਰਾ 35-ਏ ਨੂੰ ਖ਼ਤਮ ਕਰਨ ਦੀਆਂ ਖ਼ਬਰਾਂ ਨੂੰ ਲੈ ਕੇ ਰਾਜਪਾਲ ਸੱਤਪਾਲ ਮਲਿਕ ਦੇ ਨਾਲ ਮੁਲਾਕਾਤ ਕੀਤੀ।
ਧਾਰਾ 35-ਏ ਸਬੰਧੀ ਅਫਵਾਹਾਂ ਨੂੰ ਲੈ ਕੇ ਉਮਰ ਅਬਦੁੱਲਾ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ - ਧਾਰਾ 370
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਰੋਕੀ ਗਈ ਅਮਰਨਾਥ ਯਾਤਰਾ ਅਤੇ ਧਾਰਾ 35–ਏ ਨੂੰ ਖ਼ਤਮ ਕਰਨ ਦੀ ਉੱਡ ਰਹੀਆਂ ਅਫਵਾਹਾਂ ਨੂੰ ਲੈ ਕੇ ਜੰਮੂ-ਕਸ਼ਮੀਰ ਦੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ। ਰਾਜਪਾਲ ਨੇ ਉਮਰ ਅਬਦੁੱਲਾ ਨੂੰ ਵਿਸ਼ਵਾਸ ਦਿਵਾਇਆ ਕਿ ਅਜਿਹਾ ਕੁਝ ਵੀ ਨਹੀਂ ਹੋ ਰਿਹਾ।
ਰਾਜਪਾਲ ਦੇ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਮਰ ਅਬਦੁੱਲਾ ਨੇ ਕਿਹਾ ਕਿ ਸਾਨੂੰ ਪਤਾ ਨਹੀਂ ਹੋ ਕੀ ਰਿਹਾ ਹੈ, ਇਸ ਲਈ ਅਸੀ ਇਸ ਮੁੱਦੇ 'ਤੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ। ਉਮਰ ਅਬਦੁੱਲਾ ਨੇ ਕਿਹਾ ਕਿ ਅਸੀ ਰਾਜਪਾਲ ਤੋਂ ਸੰਵਿਧਾਨ ਦੀ ਧਾਰਾ 35–ਏ ਅਤੇ ਧਾਰਾ 370 ਨੂੰ ਹਟਾਉਣ ਦੀ ਖ਼ਬਰਾਂ ਬਾਰੇ ਵੀ ਪੁੱਛਿਆ, ਜਿਸ 'ਤੇ ਉਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਹੈ। ਉਮਰ ਅਬਦੁੱਲਾ ਨੇ ਕਿਹਾ ਕਿ ਰਾਜਪਾਲ ਦੇ ਸ਼ਬਦ ਆਖਿਰੀ ਨਹੀਂ ਹੁੰਦੇ, ਅਸੀ ਜੰਮੂ-ਕਸ਼ਮੀਰ 'ਤੇ ਸਰਕਾਰ ਵੱਲੋਂ ਸੰਸਦ ਵਿੱਚ ਬਿਆਨ ਚਾਹੁੰਦੇ ਹਾਂ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਅਮਰਨਾਥ ਯਾਤਰਾ 'ਤੇ ਅੱਤਵਾਦੀ ਹਮਲਾ ਹੋਣ ਦੇ ਖ਼ਦਸ਼ੇ ਨੂੰ ਲੈ ਕੇ ਸਰਕਾਰ ਨੇ ਅਡਵਾਇਜ਼ਰੀ ਜਾਰੀ ਕੀਤੀ ਸੀ ਅਤੇ ਯਾਤਰੀਆਂ, ਸੈਲਾਨੀਆਂ ਨੂੰ ਵਾਪਸ ਆਪਣੇ ਘਰ ਜਾਣ ਲਈ ਕਿਹਾ ਗਿਆ ਸੀ। ਇਸ ਦੇ ਨਾਲ ਹੀ ਸਰਕਾਰ ਵੱਲੋਂ ਯਾਤਰਾ ਨੂੰ ਜਲਦ ਖ਼ਤਮ ਕਰਨ ਦੀ ਸਲਾਹ ਦਿੱਤੀ ਗਈ ਸੀ। ਜਿਸ ਦੌਰਾਨ ਇਹ ਖ਼ਬਰਾਂ ਸਾਹਮਣੇ ਆਇਆ ਸਨ ਕਿ ਭਾਰਤ ਸਰਕਾਰ ਨੇ ਸੰਵਿਧਾਨ ਦੀ ਧਾਰਾ 35–ਏ ਨੂੰ ਕਿਸੇ ਹੋਰ ਤਰੀਕੇ ਖ਼ਤਮ ਕਰਨ ਦੀਆਂ ਤਿਆਰੀਆਂ ਕਰ ਦਿੱਤੀਆਂ ਹਨ। ਇਸੇ ਲਈ ਕਿਸੇ ਵੱਡੀ ਗੜਬੜੀ ਦੇ ਖ਼ਦਸ਼ੇ ਕਾਰਨ ਹੀ ਕਸ਼ਮੀਰੀ ਜਨਤਾ ਨੇ ਤੁਰੰਤ ਰਾਸ਼ਨ, ਦਵਾਈਆਂ, ਖ਼ੁਰਾਕੀ ਤੇਲ, ਲੂਣ, ਚਾਹ, ਦਾਲ਼ਾਂ ਤੇ ਸਬਜ਼ੀਆਂ ਆਪਣੇ ਘਰਾਂ ਵਿੱਚ ਇੱਕਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।