ਹੈਦਰਾਬਾਦ: ਭਾਰਤ 'ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 12 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ ਵਿੱਚ ਹੁਣ ਕੋਰੋਨਾ ਦੇ ਕੁੱਲ 11,92,915 ਮਾਮਲੇ ਹਨ, ਜਿਸ ਚੋਂ 28,732 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਰਿਕਵਰੀ ਦਰ 6.31 ਫੀਸਦੀ ਹੈ। ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ ਅਤੇ ਗੁਜਰਾਤ 'ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਦਿੱਲੀ
ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ 11.9 ਲੱਖ ਤੋਂ ਪਾਰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ 26 ਜੂਨ ਤੋਂ 10 ਜੁਲਾਈ ਦੇ ਵਿਚਾਲੇ, ਸੂਬੇ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਸੰਕਰਮਣ ਦਾ ਇੱਕ ਸੇਰੋ ਸਰਵੇ ਕੀਤਾ ਗਿਆ ਸੀ, ਜਿਸ ਵਿੱਚ 21 ਹਜ਼ਾਰ ਤੋਂ ਵੱਧ ਲੋਕਾਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿੱਚੋਂ 23.48 ਫੀਸਦੀ ਲੋਕਾਂ ਵਿੱਚ ਐਂਟੀਬਾਡੀ ਪਾਈਆਂ ਗਈਆਂ। ਯਾਨੀ ਦਿੱਲੀ ਦੀ ਕਰੀਬ ਇੱਕ ਚੌਥਾਈ ਅਬਾਦੀ ਕੋਰੋਨਾ ਸੰਕਰਮਿਤ ਹੋ ਕੇ ਮੁੜ ਸਿਹਤਯਾਬ ਹੋ ਚੁੱਕੀ ਹੈ।
ਉਤਰਾਖੰਡ
ਉਤਰਾਖੰਡ ਸਰਕਾਰ ਨੇ ਕਿਹਾ ਕਿ ਹੁਣ ਸੂਬੇ ਦੇ ਪ੍ਰਾਈਵੇਟ ਹਸਪਤਾਲ ਵੀ ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਕਰ ਸਕਣਗੇ। ਇਸ ਦੇ ਲਈ, ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਵਿੱਚ ਘੱਟੋ ਤੋਂ ਘੱਟ ਫੀਸਾਂ ਅਤੇ ਵੱਖਰੇ ਵਾਰਡਾਂ ਸਣੇ ਕਈ ਨਿਯਮਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਝਾਰਖੰਡ
ਇਥੇ ਭਾਜਪਾ ਵਿਧਾਇਕ ਸੀਪੀ ਸਿੰਘ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਮੰਤਰੀ ਮਿਥੀਲੇਸ਼ ਠਾਕੁਰ ਅਤੇ ਵਿਧਾਇਕ ਮਥੁਰਾ ਮਹਾਤੋ ਤੋਂ ਬਾਅਦ ਕੋਰੋਨਾ ਨਾਲ ਸੰਕਰਮਿਤ ਹੋਏ ਸੀਪੀ ਸਿੰਘ ਝਾਰਖੰਡ ਦੇ ਤੀਜੇ ਸਰਗਰਮ ਨੇਤਾ ਹਨ। ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਸੀਪੀ ਸਿੰਘ ਦਾ ਚਚੇਰਾ ਭਰਾ ਉਨ੍ਹਾਂ ਨੂੰ ਮਿਲਣ ਆਇਆ ਸੀ, ਪਰ ਜਾਂਚ ਤੋਂ ਬਾਅਦ ਉਨ੍ਹਾਂ ਦਾ ਭਰਾ ਵੀ ਕੋਰੋਨਾ ਪੌਜ਼ੀਟਿਵ ਪਾਇਆ ਗਿਆ। ਇਸ ਦੇ ਅਧਾਰ 'ਤੇ ਸੀਪੀ ਸਿੰਘ ਨੇ ਖ਼ੁਦ ਸਦਰ ਹਸਪਤਾਲ' ਚ ਆਪਣੀ ਜਾਂਚ ਕਰਵਾਈ।
ਬਿਹਾਰ
ਰਾਜਧਾਨੀ ਪਟਨਾ ਦੇ ਏਮਜ਼ ਹਸਪਤਾਲ ਵਿੱਚ ਹੁਣ ਤੱਕ ਪੰਜ ਡਾਕਟਰਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਸਮਸਤੀਪੁਰ ਦੇ ਸਿਵਲ ਸਰਜਨ ਡਾ: ਆਰਆਰ ਝਾਅ ਤੋਂ ਪਹਿਲਾਂ ਚਾਰ ਹੋਰ ਡਾਕਟਰਾਂ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ ਸੀ। ਏਮਜ਼ ਦੇ ਨੋਡਲ ਅਫ਼ਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਡਾ: ਆਰਆਰ ਝਾ ਅਤੇ ਭਾਜਪਾ ਐਮ.ਐਲ. ਸੀ ਸੁਨੀਲ ਕੁਮਾਰ ਸਿੰਘ ਦੀ ਸਵੇਰੇ ਮੌਤ ਹੋ ਗਈ ਹੈ। ਉਸੇ ਸਮੇਂ, ਦੂਜੇ ਡਾਕਟਰ ਜੀਐਨ ਦਾਸ ਦੀ ਵੀ ਮੌਤ ਹੋ ਗਈ। ਦੋਹਾਂ ਡਾਕਟਰਾਂ ਦੀ ਹਾਲਤ ਕਾਫ਼ੀ ਗੰਭੀਰ ਸੀ।
ਓੜੀਸਾ
ਓੜੀਸਾ ਸਰਕਾਰ ਕੋਰੋਨਾ ਨਾਲ ਲੜਨ ਲਈ ਐਫੋਰਸਟੇਸ਼ਨ ਫੰਡ ਮੈਨੇਜਮੈਂਟ ਐਂਡ ਪਲਾਨਿੰਗ ਅਥਾਰਟੀ (ਕੈਮਪਾ) ਅਤੇ ਓੜੀਸਾ ਮਿਨਰਲ ਬੇਅਰਿੰਗ ਜ਼ੋਨ ਡਿਵੈਲਪਮੈਂਟ ਕਾਰਪੋਰੇਸ਼ਨ (ਓ.ਐਮ.ਬੀ.ਡੀ.ਸੀ.) ਤੋਂ ਫੰਡ ਉਧਾਰ ਲਵੇਗੀ। ਦੱਸ ਦਈਏ ਕਿ ਓੜੀਸਾ ਸਰਕਾਰ ਨੇ ਕੋਰੋਨਾ ਪ੍ਰਬੰਧਨ 'ਤੇ ਲਗਭਗ 1912 ਕਰੋੜ ਰੁਪਏ ਖਰਚ ਕੀਤੇ ਹਨ।
ਮੱਧ ਪ੍ਰਦੇਸ
ਸ਼ਿਵਰਾਜ ਸਰਕਾਰ ਨੇ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮੱਦੇਨਜ਼ਰ ਰੱਖਦੇ ਹੋਏ, ਰਾਜਧਾਨੀ ਭੋਪਾਲ ਵਿੱਚ 24 ਜੁਲਾਈ ਤੋਂ 10 ਦਿਨਾਂ ਤੱਕ ਲੌਕਡਾਊਨ ਲਾਉਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਦੇ ਤਹਿਤ ਮਹਿਜ਼ ਰਾਸ਼ਨ ਦੀਆਂ ਸਰਕਾਰੀ ਦੁਕਾਨਾਂ,ਦਵਾਈਆਂ, ਸਬਜ਼ੀਆਂ ਅਤੇ ਦੁੱਧ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਇਹ ਜਾਣਕਾਰੀ ਦਿੰਦਿਆਂ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੱਸਿਆ ਹੈ ਕਿ ਆਉਣ-ਜਾਣ ‘ਤੇ ਪਾਬੰਦੀ ਹੋਵੇਗੀ ਤੇ ਲੋਕਾਂ ਦੇ ਬਾਹਰ ਜਾਣ ਲਈ ਈ-ਪਾਸ ਦਾ ਪ੍ਰਬੰਧ ਕੀਤਾ ਜਾਵੇਗਾ।